ਬਠਿੰਡਾ ਸ਼ਹਿਰੀ ਹਲਕੇ ’ਚ ਪੋਲੇ ਪੋਲੇ ਪੱਬ ਧਰਨ ਲੱਗੀ ਭਾਰਤੀ ਜਨਤਾ ਪਾਰਟੀ
ਅਸ਼ੋਕ ਵਰਮਾ
ਬਠਿੰਡਾ,26 ਸਤੰਬਰ2021: ਬਠਿੰਡਾ ਸ਼ਹਿਰੀ ਹਲਕੇ ਦੇ ਲੋਕਾਂ ਦੀ ਸਿਆਸੀ ਨਬਜ਼ ਟੋਹਣ ਲਈ ਭਾਰਤੀ ਜੰਤਾ ਪਾਰਟੀ ਨੇ ‘ਗੁਪਤ ਫੀਡ ਬੈਕ ਮਿਸ਼ਨ’ ਸ਼ੁਰੂ ਕੀਤਾ ਹੈ। ਪੇਂਡੂ ਖੇਤਰਾਂ ’ਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਦੇ ਸੀਨੀਅਰ ਲੀਡਰ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਨੇ ਬਕਾਇਦਾ ਬਠਿੰਡਾ ਹਲਕੇ ਦੀ ਸਿਆਸੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ ਜੋ ਕੋਈ ਸਹਿਜ ਨਹੀਂ ਹੈ। ਹਾਲਾਂਕਿ ਪਾਰਟੀ ਨੇ ਸ਼ਹਿਰੀ ਹਲਕੇ ਤੋਂ ਅਧਿਕਾਰਕ ਤੌਰ ਤੇ ਕਿਸੇ ਉਮੀਦਵਾਰ ਦਾ ਨਾਮ ਤਾਂ ਨਹੀਂ ਐਲਾਨਿਆ ਪਰ ਅਸ਼ੋਕ ਭਾਰਤੀ ਦੀਆਂ ਸਰਗਰਮੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਭਾਰਤੀ ਇਸ ਕਰਕੇ ਵੀ ਉਤਸ਼ਾਹਿਤ ਹਨ ਕਿ ਲੰਘੀਆਂ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਦੀ ਪਤਨੀ ਤੇ ਬੀਜੇਪੀ ਉਮੀਦਵਾਰ ਸ਼ਮਾ ਭਾਰਤੀ ਬੇਸ਼ੱਕ ਹਾਰ ਗਏ ਸਨ ਪਰ ਉਨ੍ਹਾਂ ਨੂੰ ਵੋਟਰਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ।
ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਨੇ ਵੀ ਬਠਿੰਡਾ ਦੇ ਭਾਜਪਾ ਲੀਡਰਾਂ ਨੂੰ ਹਲਕੇ ਦੇ ਲੋਕਾਂ ਦਾ ਰੁਖ ਜਾਨਣ ਦੀ ਹਦਾਇਤ ਕੀਤੀ ਹੈ। ਖੇਤੀ ਕਾਨੂੰਨਾਂ ਦੀ ਆਮਦ ਉਪਰੰਤ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਵੱਲੋਂ ਆਪਣੇ ਦਮ ਤੇ ਮੈਦਾਨ ’ਚ ਉੱਤਰਿਆ ਜਾਣਾ ਹੈ। ਸੂਤਰਾਂ ਅਨੁਸਾਰ ਭਾਜਪਾ ਲੀਡਰਸ਼ਿਪ ਵੱਲੋਂ ਸਪਸ਼ਟ ਖ਼ਾਕਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਮੁੱਢਲੇ ਪੜਾਅ ’ਤੇ ਸ਼ਹਿਰੀ ਲੋਕਾਂ ਦੇ ਮੂਡ ਨੂੰ ਵੇਖਣਾ ਹੈ ਅਤੇ ਪਾਰਟੀ ਪ੍ਰਤੀ ਲੋਕਾਂ ਦੇ ਕਾਰ ਵਿਹਾਰ ਨੂੰ ਮਾਪਿਆ ਜਾਣਾ ਹੈ। ਅਸ਼ੋਕ ਭਾਰਤੀ ਨੇ ਅੱਜ ਸ਼ਹਿਰ ਦੀਆਂ ਕਈ ਹਸਤੀਆਂ ਨਾਲ ਮੁਲਾਕਾਤ ਕੀਤੀ ਅਤੇ ਸਥਿਤੀ ਦਾ ਜਾਇਜਾ ਲਿਆ ਹੈ । ਇਸ ਮੌਕੇ ਭਾਰਤੀ ਨੂੰ ਨਿੱਘਾ ਜੀ ਆਇਆਂ ਆਖਿਆ ਗਿਆ ਹੈ। ਪਾਰਟੀ ਹਲਕਿਆਂ ਨੇ ਮੰਨਿਆ ਹੈ ਕਿ ਇਹ ਸਿਰਫ ਸ਼ੁਰੂਆਤ ਹੈ ਅਗਲੇ ਦਿਨਾਂ ਦੌਰਾਨ ਵੱਖ ਵੱਖ ਵਾਰਡਾਂ ’ਚ ਅਜਿਹਾ ਹੀ ਦੌਰ ਚਲਾਇਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਟਕਸਾਲੀ ਆਗੂਆਂ ਦੀ ਸ਼ਨਾਖ਼ਤ ਕਰਨ ਦਾ ਫੈਸਲਾ ਲਿਆ ਹੈ, ਜੋ ਹਾਲਾਤਾਂ ਕਾਰਨ ਘਰ ਬੈਠ ਗਏ ਹਨ। ਦੱਸਿਆ ਜਾਂਦਾ ਹੈ ਕਿ ਜਲਦੀ ਹੀ ਪਾਰਟੀ ਵਰਕਰਾਂ ਦਾ ਇਕੱਠ ਕੀਤਾ ਜਾਏਗਾ ਜਿਸ ਦਾ ਮਤਲਬ ਸ਼ਹਿਰੀ ਲੋਕਾਂ ਨੂੰ ਨਵੇਂ ਮਿਸ਼ਨ ਦਾ ਸੁਨੇਹਾ ਦੇਣਾ ਹੋਵੇਗਾ। ਸੂਤਰਾਂ ਨੇ ਦੱਸਿਆ ਹੈ ਕਿ ਪਾਰਟੀ ਲੀਡਰਾਂ ਨੂੰ ਵਾਰਡ ਵਾਈਜ਼ ਗੁਪਤ ਰਿਪੋਰਟ ਤਿਆਰ ਕਰਨ ਲਈ ਆਖਿਆ ਗਿਆ ਹੈ ਜੋ ਅਗਲੇ ਦਿਨੀ ਚੋਣ ਰਣਨੀਤੀ ਘੜਨ ਵਾਸਤੇ ਸਹਾਈ ਹੋਵੇਗੀ। ਸੂਤਰਾਂ ਮੁਤਾਬਕ ਅਕਾਲੀ ਦਲ ਅਤੇ ਕਾਂਗਰਸ ਦੇ ਸਥਾਨਕ ਲੀਡਰਾਂ ਵੱਲੋਂ ਆਪਸ ’ਚ ਭਿੜਦੇ ਰਹਿਣ ਦੇ ਬਾਵਜੂਦ ਲੋਕਾਂ ’ਚ ਕੋਈ ਚੋਣ ਮਹੌਲ ਨਾਂ ਹੋਣ ਕਰਕੇ ਭਾਜਪਾ ਆਗੂਆਂ ਲਈ ਇਹ ਸੁਨਹਿਰੀ ਸਮਾਂ ਹੈ ਹੈ ਜਦੋਂ ਉਹ ਆਪਣੇ ਚੁਣਾਵੀ ਏਜੰਡਾ ਤਿਆਰ ਕਰ ਸਕਦੇ ਹਨ ਜਿਸ ਦੀ ਇਸ ਵੇਲੇ ਵੱਡੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ।
ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਆਫ ਦਾ ਰਿਕਾਰਡ ਮੰਨਿਆ ਹੈ ਕਿ ਭਾਵੇਂ ਪੱਲੜਾ ਕਿਸੇ ਵੀ ਪਾਰਟੀ ਦੇ ਹੱਕ ਵਿਚ ਝੁਕਦਾ ਕਿਧਰੇ ਨਜ਼ਰ ਨਹੀਂ ਆ ਰਿਹਾ ਹੈ ਪਰ ਭਾਰਤੀ ਜੰਤਾ ਪਾਰਟੀ ਦੀਆਂ ਸੂਬਾ ਪੱਧਰੀ ਬੈਠਕਾਂ ’ਚ ਸ਼ਹਿਰੀ ਲੋਕਾਂ ਲਈ ਵਿਸ਼ੇਸ਼ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸਿਰਫ ਖੜਕੇ ਦੜਕੇ ’ਚ ਮਾਹਿਰ ਮੰਨੇ ਜਾਂਦੇ ਇੱਕ ਭਾਜਪਾ ਆਗੂ ਵੱਲੋਂ ਸੋਸ਼ਲ ਮੀਡੀਆ ਰਾਹੀਂ ਖੁਦ ਦੀ ਦਾਅਵੇਦਾਰੀ ਪੇਸ਼ ਕਰਨ ਦੇ ਬਾਵਜੂਦ ਭਾਰਤੀ ਤੋਂ ਬਗੈਰ ਕੋਈ ਦੂਸਰਾ ਆਗੂ ਵੀ ਨਹੀਂ ਹੈ ਜੋ ਚੋਣ ਮੈਦਾਨ ’ਚ ਉੱਤਰਨ ਦੀ ਦਿਲਚਸਪੀ ਨਹੀਂ ਦਿਖਾ ਰਿਹਾ ਹੈ। ਸੂਤਰ ਆਖਦੇ ਹਨ ਕਿ ਇਕੱਲੇ ਤੌਰ ਤੇ ਭਾਜਪਾ ਦੀ ਬਠਿੰਡਾ ਹਲਕੇ ਤੋਂ ਇਹ ਪਹਿਲੀ ਚੋਣ ਹੋਵੇਗੀ ਅਤੇ ਹਾਲਾਤਾਂ ਦੇ ਮੱਦੇਨਜ਼ਰ ਪਾਰਟੀ ਲਈ ਰਾਹ ਸੌਖੇ ਨਹੀਂ ਹਨ। ਇਸ ਮੀਟਿੰਗ ਵਿੱਚ ਪੂਰਬੀ ਮੰਡਲ ਦੇ ਪ੍ਰਧਾਨ ਨਰੇਸ਼ ਮਹਿਤਾ,ਡਾਕਟਰ ਰਿਤੇਸ਼ ਅਤੇ ਮਰਿਦੁਲ ਗੁਪਤਾ ਆਦਿ ਹਾਜ਼ਰ ਸਨ।
ਚੋਣ ਲੜਨ ਦੀਆਂ ਤਿਆਰੀਆਂ:ਵਰਿੰਦਰ ਸ਼ਰਮਾ
ਪਤਾ ਲੱਗਾ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਹਲਕੇ ਦੇ ਸਮੂਹ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਡਟ ਕੇ ਲੜਾਈ ਲੜਨ ਲਈ ਆਖਿਆ ਹੈ। ਪਾਰਟੀ ਦੇ ਬਠਿੰਡਾ ਸ਼ਹਿਰੀ ਦੇ ਜਿਲ੍ਹਾ ਸਕੱਤਰ ਵਰਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਅਸ਼ੋਕ ਭਾਰਤੀ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਭਾਰਤੀ ਨੇ ਪ੍ਰੋਫੈਸਰ ਗੁਪਤਾ ਦੀ ਰਿਹਾਇਸ਼ ਤੇ ਕੁੱਝ ਹਸਤੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ’ਚ ਮੌਜੂਦ ਵਿਅਕਤੀਆਂ ਨੇ ਅਸ਼ੋਕ ਭਾਰਤੀ ਦੀ ਪੂਰੀ ਪੂਰੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ।