ਚੰਨੀ ਵੱਲੋਂ ਕਿਸਾਨੀ ਸੰਘਰਸ਼ ’ਚ ਸ਼ਹੀਦ ਕਿਸਾਨ ਦੇ ਭਰਾ ਨੂੰ ਨਿਯੁਕਤੀ ਪੱਤਰ
ਅਸ਼ੋਕ ਵਰਮਾ
ਬਠਿੰਡਾ ,26ਸਤੰਬਰ2021:ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਬਠਿੰਡਾ ਜਿਲ੍ਹੇ ਦੇ ਵੱਡੇ ਪਿੰਡ ਮੰਡੀ ਕਲਾਂ ’ਚ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਸੁਖਪਾਲ ਸਿੰਘ ਲੱਖਾ ਦੇ ਵੱਡੇ ਭਰਾ ਨੂੰ ਉਨ੍ਹਾਂ ਦੇ ਘਰ ਪੁੱਜ ਕੇ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਡਿਪਟੀ ਸੀ ਐਮ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਨਾਲ ਸਨ। ਦੋਵਾਂ ਆਗੂਆਂ ਨੇ ਇਸ ਮੌਕੇ ਸ਼ਹੀਦ ਪ੍ਰੀਵਾਰ ਦੇ ਘਰ ਸਾਦਗੀ ਨਾਲ ਪ੍ਰਸ਼ਾਦਾ ਵੀ ਛਕਿਆ। ਇਸ ਮੌਕੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਪੰਜਾਬ ਦਾ ਸਰਮਾਇਆ ਹਨ ਤੇ ਸਰਕਾਰ ਉਨ੍ਹਾਂ ਦੇ ਪ੍ਰੀਵਾਰਾਂ ਦਾ ਪੂਰਾ ਪੂਰਾ ਖਿਆਲ ਰੱਖੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਹਲਕਾ ਮੌੜ ਦੇ ਪਿੰਡਾਂ ’ਚ ਨਰਮੇ ਦੀ ਖਰਾਬ ਹੋਈ ਫਸਲ ਦਾ ਜਾਇਜਾ ਲਿਆ।
ਸਿਆਸੀ ਪ੍ਰੋਗਰਾਮ ਹੋਣ ਕਾਰਨ ਕਿਸਾਨਾਂ ਨੇ ਚੰਨੀ ਦੇ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਪਰ ਮੁੱਖ ਮੰਤਰੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਕੋਲੋ ਮੰਗ ਪੱਤਰ ਪ੍ਰਾਪਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੇ ਮਸਲਿਆਂ ਨੂੰ ਸਰਕਾਰ ਪੂਰੀ ਹਮਦਰਦੀ ਅਤੇ ਪਹਿਲ ਦੇ ਅਧਾਰ ਤੇ ਹੱਲ ਕਰੇਗੀ। ਇਸੇ ਦੌਰਾਨ ਚੰਨੀ ਨੇ ਇੱਕ ਗਰੀਬ ਪ੍ਰੀਵਾਰ ਦੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਅਤੇ ਸ਼ਗਨ ਵੀ ਦਿੱਤਾ। ਪ੍ਰੀਵਾਰ ਨੇ ਮੱਖ ਮੰਤਰੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਕਦੇ ਵੀ ਉਮੀਦ ਨਹੀਂ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਉਨ੍ਹਾਂ ਨਾਲ ਐਨੀ ਵੱਡੀ ਹਮਦਰਦੀ ਜਤਾਏਗਾ। ਇਸ ਮੌਕੇ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਹਲਕਾ ਇੰਚਾਰਜ ਡਾਕਟਰ ਮਨੋਜ ਬਾਲਾ ਬਾਂਸਲ ਆਦਿ ਹਾਜਰ ਸਨ।