ਲਖੀਮਪੁਰੀ ਖੀਰੀ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ 'ਚ ਵੱਡਾ ਐਲਾਨ
ਦਿੱਲੀ ਗੁਰਦੁਆਰਾ ਕਮੇਟੀ ਕਤਲੇਆਮ ਵਾਲੀ ਥਾਂ ਖਰੀਦ ਕੇ ਬਣਾਏਗੀ ਪੱਕੀ ਯਾਦਗਾਰ, ਐਲਾਨ ਦੀ ਵੀਡੀਓ ਵੀ ਵੇਖੋ
ਸਰਕਾਰਾਂ ਤੇ ਭਵਿੱਖੀ ਪੀੜੀਆਂ ਨੁੰ ਯਾਦ ਰਹੇ, ਅਜਿਹੀ ਯਾਦਗਾਰ ਉਸਾਰਾਂਗੇ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 12 ਅਕਤੂਬਰ , 2021: ਲਖੀਮਪੁਰ ਖੀਰੀ ਦੇ ਪੰਜ ਸ਼ਹੀਦਾਂ ਦੀ ਅੰਤਿਮ ਅਰਦਾਸ ਨੁੰ ਸਮਰਪਿਤ ਅੱਜ ਲਖੀਮਪੁਰ ਖੀਰੀ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਅੱਜ ਇਹ ਵੱਡਾ ਐਲਾਨ ਕੀਤਾ ਗਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਿਸ ਥਾਂ 'ਤੇ ਇਹ ਕਤਲੇਆਮ ਹੋਇਆ, ਉਥੇ ਥਾਂ ਖਰੀਦ ਕੇ ਇਕ ਪੱਕੀ ਯਾਦਗਾਰ ਉਸਾਰੀ ਜਾਵੇਗੀ।
ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਪਹੁੰਚੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਸੰਯੁਕਤ ਮੋਰਚੇ ਤੇ ਸਥਾਨਕ ਸੰਤਾਂ ਮਹਾਂਪੁਰਸ਼ਾਂ ਨਾਲ ਰਾਇ ਮਸ਼ਵਰਾ ਕਰ ਕੇ ਇਸ ਬਾਰੇ ਫੈਸਲਾ ਲਿਆ ਗਿਆ ਤੇ ਸਮਾਗਮ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਆਪ ਇਹ ਐਲਾਨ ਸੰਗਤ ਦੇ ਸਾਹਮਣੇ ਕੀਤਾ।
ਇਸ ਬਾਰੇ ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਕਮੇਟੀ ਦੀ ਟੀਮ ਪੰਜ ਸ਼ਹੀਦਾਂ
ਲਵਪ੍ਰੀਤ ਸਿੰਘ, ਨੱਛਤਰ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਤੇ ਪੱਤਰਕਾਰ ਰਮਨ ਕਸ਼ਯਪ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੀ ਸੀ। ਇਕੇ ਹੀ ਕਮੇਟੀ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਇਥੇ ਦੇ ਸੰਤ ਸਮਾਜ ਨਾਲ ਬੈਠ ਕੇ ਇਹ ਫੈਸਲਾ ਕੀਤਾ ਹੈ ਕਿ ਜਿਥੇ ਇਹ ਕਤਲੇਆਮ ਕੀਤਾ, ਉਥੇ ਥਾਂ ਖਰੀਦ ਕੇ ਯਾਦਗਾਰ ਉਸਾਰੀ ਜਾਵੇ।
ਉਹਨਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੇ ਸਮੇਂ ਤੱਕ ਸਰਕਾਰਾਂ ਤੇ ਨਵੀਂ ਪੀੜੀ ਨੂੰ ਵੀ ਯਾਦ ਕਰਾਏਗੀ ਕਿ ਜਦੋਂ ਸਰਕਾਰ ਨੇ ਸਾਡੇ 'ਤੇ ਜ਼ਬਰ ਤੇ ਜ਼ੁਲਮ ਢਾਹਿਆ ਤਾਂ ਅਸੀਂ ਡਰੇ ਨਹੀਂ ਤੇ ਦਬੇ ਨਹੀਂ ਬਲਕਿ ਯਾਦਗਾਰ ਦੇ ਰੂਪ ਵਿਚ ਇਸ ਜ਼ੁਲਮ ਦੀ ਨਿਸ਼ਾਨੀ ਸੰਭਾਲੀ ਹੈ। ਉਹਨਾਂ ਕਿਹਾ ਕਿ ਕਮੇਟੀ ਵੱਲੋਂ ਜਲਦੀ ਤੋਂ ਜਲਦੀ ਇਹ ਕਤਲੇਆਮ ਵਾਲੀ ਥਾਂ 'ਤੇ ਜ਼ਮੀਨ ਖਰੀਦੀ ਜਾਵੇਗੀ ਤੇ ਇਹ ਯਾਦਗਾਰ ਵੀ ਅਜਿਹੀ ਉਸਾਰੀ ਜਾਵੇਗੀ ਜੋ ਸਰਕਾਰ ਦੀ ਧੱਕੇਸ਼ਾਹੀ ਵੀ ਬਿਆਨ ਕਰੇਗੀ।
ਇਸ ਮੌਕੇ ਲਖੀਮਪੁਰ ਖੀਰੀ ਪਹੁੰਚੇ ਵਫਦ ਵਿਚ ਸ੍ਰੀ ਸਿਰਸਾ ਤੋਂ ਇਲਾਵਾ ਸਰਵਜੀਤ ਸਿੰਘ ਵਿਰਕ, ਭੁਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ, ਰਮਿੰਦਰ ਸਿੰਘ ਸਵੀਟਾ, ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਪੱਪਾ, ਰਮਨਦੀਪ ਸਿੰਘ ਥਾਪਰ, ਕਸ਼ਮੀਰ ਸਿੰਘ, ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਜੱਸਾ ਸ਼ਾਮਲ ਸਨ।
ਵੀਡੀਓ ਵੇਖਣ ਲਈ ਲਿੰਕ ਕਲਿੱਕ ਕਰੋ :
https://www.facebook.com/1677459214/posts/10217132246773103/?d=n