ਮਰਹੂਮ ਸੇਵਾ ਸਿੰਘ ਸੇਖਵਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਅਰਵਿੰਦ ਕੇਜਰੀਵਾਲ
ਲੋਕੇਸ਼ ਰਿਸ਼ੀ
ਗੁਰਦਾਸਪੁਰ, 12 ਅਕਤੂਬਰ 2021- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ,ਮਰਹੂਮ ਸਿਆਸਤਦਾਨ ਸੇਵਾ ਸਿੰਘ ਸੇਖਵਾਂ ਦੇ ਜੱਦੀ ਪਿੰਡ ਸੇਖਵਾਂ (ਗੁਰਦਾਸਪੁਰ) ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਅਤੇ ਬਾਕੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਹਾਲਾਂ ਕਿ ਇਸ ਦੌਰਾਨ ਕੇਜਰੀਵਾਲ ਨੇ ਕਿਸੇ ਕਿਸਮ ਦੇ ਰਾਜਨੀਤਿਕ ਬਿਆਨ ਦੇਣ ਤੋਂ ਸਾਫ਼ ਮਨਾ ਕਰ ਦਿੱਤਾ।
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਦੇ ਆਕਲ ਚਲਾਣੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਅਤੇ ਉਨ੍ਹਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਹੋ ਸਕਦੀ।ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰੀ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ।
ਇਸ ਦੌਰਾਨ ਕੇਜਰੀਵਾਲ ਨੇ ਕਿਸੇ ਵੀ ਤਰਾਂ ਦੀ ਸਿਆਸੀ ਗੱਲ ਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਸੇਖਵਾਂ ਦੇ ਬੇਟੇ ਜਗਰੂਪ ਨਾਲ ਬੰਦ ਕਮਰਾ ਬੈਠਕ ਵੀ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਜਗਰੂਪ ਸੇਖਵਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਉਹ ਪਾਰਟੀ ਨਾਲ ਕੰਮ ਕਰਦੇ ਰਹਿਣਗੇ ਅਤੇ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਹੀ ਚੱਲਣਗੇ।ਉਨ੍ਹਾਂ ਕਿਹਾ ਕਿ ਸਿਆਸੀ ਤਜਰਬਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਮਿਲਿਆ ਹੈ ਅਤੇ ਉਹ ਇਸ ਤਜਰਬੇ ਦਾ ਪੂਰਾ ਇਸਤੇਮਾਲ ਕਰ ਕੇ ਆਮ ਆਦਮੀ ਪਾਰਟੀ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
ਇੱਥੇ ਦੱਸਦੇ ਚੱਲੀਏ ਕਿ ਬੀਤੇ ਲੰਮੇ ਸਮੇਂ ਦੌਰਾਨ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਅਤੇ ਕੁਝ ਸਮਾਂ ਪਹਿਲਾਂ ਹੀ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਸਨ