ਅਕਾਲੀ ਦਲ ਦੇ ਪੋਸਟਰਾਂ ਤੋਂ ਗਾਇਬ ਹੋਇਆ ਹਾਥੀ ਨਿਸ਼ਾਨ
ਰਵੀ ਜੱਖੂ
ਚੰਡੀਗੜ੍ਹ : 14 ਅਕਤੂਬਰ 2021 - ਕੇਂਦਰ ਸਰਕਾਰ ਵੱਲੋ ਬਣਾਏ ਖੇਤੀ ਕਾਨੂੰਨਾਂ ਦੇ ਚੱਲਦਿਆਂ ਜਿੱਥੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰ ‘ਤੇ ਡੇਰੇ ਲਾਰੇ ਗਏ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੀ ਆਪਣੀ ਭਾਈਵਾਲ ਪਾਰਟੀ ਬੀ.ਜੇ.ਪੀ ਨਾਲ਼ੋਂ ਆਪਣਾ ਸਿਆਸੀ ਗੱਠਜੋੜ ਤੋੜਿਆ ਗਿਆ।
ਅਕਾਲੀ ਦਲ ਵੱਲੋਂ ਨਵਾਂ ਸਿਆਸੀ ਗੱਠਜੋੜ ਬੀ.ਐਸ.ਪੀ. ਨਾਲ ਕੀਤਾ ਗਿਆ। ਗੱਠਜੋੜ ਹੁੰਦਿਆਂ ਹੀ ਅਕਾਲੀ ਦਲ ਦੀ ਹਰ ਰੈਲੀ ਵਿੱਚ ਲੱਗੇ ਪੋਸਟਰਾਂ ‘ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਨਾਲ ਬੀ.ਐਸ.ਪੀ ਦਾ ਚੋਣ ਨਿਸ਼ਾਨ ਹਾਥੀ ਨਜ਼ਰ ਆਉਣ ਲੱਗਾ। ਜਿੱਥੇ ਪੋਸਟਰਾਂ ਤੇ ਸਿਆਸੀ ਨਿਸ਼ਾਨ ਸਾਂਝੇ ਹੋਏ ਉੱਥੇ ਹੀ ਨਾਅਰੇ ਵੀ ਸਾਂਝੇ ਹੋਣ ਲੱਗ ਗਏ।
ਪਰ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋ ਚੰਡੀਗੜ੍ਹ ਪਾਰਟੀ ਦਫਤਰ ਵਿੱਚ ਇਕੱਠ ਕੀਤਾ ਗਿਆ ਜਿੱਥੇ ਲੱਗੀ ਸਟੇਜ ਤੇ ਲੱਗੇ ਪੋਸਟਰਾਂ ਵਿੱਚ ਸਿਰਫ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਨਜ਼ਰ ਆਇਆ ਬੀ.ਐਸ.ਪੀ ਦਾ ਚੋਣ ਨਿਸ਼ਾਨ ਗਾਇਬ ਨਜ਼ਰ ਆਇਆ। ਉੱਥੇ ਅਕਾਲੀ ਦਲ ਦੇ ਦਫਤਰ ਬਾਹਰ ਵੀ ਲੱਗੇ ਝੰਡਿਆਂ ‘ਤੇ ਬੀ.ਐਸ.ਪੀ ਦਾ ਨਿਸ਼ਾਨ ਗਾਇਬ ਨਜ਼ਰ ਆਇਆ।
ਜਿਕਰਯੋਗ ਹੈ ਕਿ ਇਸੇ ਸਾਲ 12 ਜੂਨ ਨੂੰ ਅਕਾਲੀ ਦਲ ਵੱਲੋਂ ਬੀ.ਐਸ.ਪੀ ਨਾਲ ਗੱਠਜੋੜ ਕੀਤਾ ਗਿਆ। ਜਿਸਦੇ ਚੱਲਦਿਆਂ 20 ਸੀਟਾਂ ਵੀ ਬੀ.ਐਸ. ਪੀ ਨੂੰ ਦਿੱਤੀਆਂ। ਅਤੇ 97 ਸੀਟਾਂ ਤੇ ਅਕਾਲੀ ਦਲ ਹਿੱਸੇ ਆਈਆ। ਹੁਣ ਜਿੱਥੇ ਵਿਧਾਨਸਭਾ ਚੋਣਾਂ ਤੋਂ ਪਹਿਲਾ ਹੀ ਪੋਸਟਰਾਂ ਤੋਂ ਸਿਆਸੀ ਨਿਸ਼ਾਨ ਗਾਇਬ ਨਜ਼ਰ ਆਏ ਉੱਥੇ ਹੀ ਇਸ ਸਿਆਸੀ ਗੱਠਜੋੜ ਤੇ ਵੀ ਸਵਾਲਿਆ ਨਿਸ਼ਾਨ ਨਜ਼ਰ ਆਉਣ ਲੱਗੇ।