ਸਰਹੱਦੀ ਸੁਰੱਖਿਆ ਬਲਾਂ ਨੂੰ ਵਧੇਰੇ ਅਧਿਕਾਰਾਂ ਨਾਲ ਬਦਅਮਨੀ ਪੈਦਾ ਹੋਵੇਗੀ: ਬਾਬਾ ਬਲਬੀਰ ਸਿੰਘ
ਲਖੀਮਪੁਰ ਖੀਰੀ ਘਟਨਾ ਲਈ ਕਿਸਾਨ ਇੱਕਜੁਟਤਾ ਨਾਲ ਸਾਹਮਣਾ ਕਰਨ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 15 ਅਕਤੂਬਰ 2021- ਕੇਂਦਰ ਸਰਕਾਰ ਵੱਲੋਂ ਸਰਹੱਦਾਂ ਤੇ ਤਾਇਨਾਤ ਬੀ.ਐੱਸ.ਐਫ ਦੇ ਪੰਜਾਬ, ਪੱਛਮੀ ਬੰਗਾਲ ਅਤੇ ਆਸਾਮ ਰਾਜਾਂ ਅੰਦਰ ਗੈਰ ਸਮਾਜਿਕ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਗ੍ਰਿਫਤਾਰੀਆਂ ਕਰਨ ਅਤੇ ਜਬਤੀਆਂ ਕਰਨ ਦੇ ਅਧਿਕਾਰ ਖੇਤਰ ਚੋਖਾ ਵਧਾਉਣ ਵਾਲੇ ਫੈਸਲੇ ਪ੍ਰਤੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ।ਉਨਹਾਂ ਕਿਹਾ ਕਿ ਮੁਲਕ ਦੀ ਹਕੂਮਤ ਅਕਾਲ ਪੁਰਖ ਤੋਂ ਡਰਨ ਵਾਲੇ ਹਾਕਮ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ।ਗੈਰ ਸਮਾਜਿਕ ਗਤੀਵਿਧੀਆਂ ਨੂੰ ਰੋਕਣ ਦਾ ਕੰਮ ਰਾਜ ਸਰਕਾਰਾਂ ਦਾ ਹੈ।ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਰਹੱਦੀ ਸੁਰੱਖਿਆ ਬਲਾਂ ਨੂੰ ਅਜਿਹੇ ਵਿਸਥਾਰਕ ਅਧਿਕਾਰ ਦੇ ਕੇ ਉਨ੍ਹਾਂ ਨੂੰ ਅਸਲ ਮਕਸਦ ਤੋਂ ਉਲਝਾਇਆ ਜਾ ਰਿਹਾ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਸਰਹੱਦਾਂ ਤੇ ਨਾਜ਼ੁਕ ਸਥਿਤੀ ਹੋਣ ਕਾਰਨ ਜੰਮੂ-ਕਸ਼ਮੀਰ ਤੇ ਪੰਜਾਬ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਤੇ ਨਸ਼ਿਆਂ, ਹਥਿਆਰਾਂ ਅਤੇ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ।ਬੀ.ਐੱਸ.ਐਫ. ਨੂੰ ਦਿਤੇ ਵਾਧੂ ਅਧਿਕਾਰਾਂ ਨਾਲ ਰਾਜ ਅੰਦਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਰਮਿਆਨ ਸਹਿਯੋਗ ਦੀ ਥਾਂ ਤੇ ਤਨਾਅ ਵਧੇਗਾ ਤੇ ਰਾਜ ਅਧਿਕਾਰੀਆਂ ਦੀ ਬਲ ਸ਼ਕਤੀ ਕਮਜ਼ੋਰ ਹੋਵੇਗੀ।ਉਨ੍ਹਾਂ ਕਿਹਾ ਕੇਂਦਰ ਦਾ ਇਹ ਫੈਸਲਾ ਸਰਾਸਰ ਗਲਤ ਤੇ ਇੱਕ ਸਾਜਿਸੀ ਟਕਰਾਅ ਵਾਲਾ ਫੈਸਲਾ ਹੈ।ਜਿਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਸਾਨੀ ਸੰਘਰਸ਼ ਨਾਲ ਦਿਨੋ ਦਿਨ ਵੱਧ ਰਹੇ ਧੱਕੇ ਸਬੰਧੀ ਬੋਲਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਵੀ ਇਸੇ ਉਭਾਰ ‘ਚ ਪੈਦਾ ਹੋਈ ਹੈ।ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ, ਅਤੇ ਬਹੁਤ ਵਾਰ ਸੱਤਾਧਾਰੀ ਪਾਰਟੀਆਂ ਅੰਦੋਲਨ ਕਰ ਰਹੇ ਮਜਦੂਰਾਂ, ਕਿਸਾਨਾਂ ਅਤੇ ਮੁਲਾਜਮਾਂ ਨੂੰ ਦਬਾਉਣ ਲਈ ਕਈ ਤਰਾਂ ਦੇ ਹੱਥ ਕੰਡੇ ਵਰਤਦੀਆਂ ਹਨ।ਹੱਕ ਮੰਗਣ ਵਾਲੇ ਮੇਹਨਤਕਸ਼ ਮੁਲਾਜਮਾਂ ਦੀਆਂ ਜਥੇਬੰਦੀਆਂ ਪਹਿਲਾਂ ਹੀ ਕਮਜ਼ੋਰ ਹੋ ਚੁੱਕੀਆਂ ਹਨ ਅਤੇ ਪਿਛਲੇ ਸਮਿਆਂ ਵਿੱਚ ਵੱਡੇ ਪਾਸਾਰਾਂ ਵਾਲੇ ਅੰਦੋਲਨ ਨਹੀਂ ਉਸਾਰ ਸਕੀਆਂ।ਉਨ੍ਹਾਂ ਕਿਹਾ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਘੋਲ ਲੜ ਕੇ ਆਪਣੀ ਪਛਾਣ ਤੇ ਅਧਾਰ ਨੂੰ ਮਜਬੂਤ ਕੀਤਾ ਹੈ।ਇਸ ਦਾ ਪ੍ਰਭਾਵ ਹਰਿਆਣਾ, ਪੰਜਾਬ, ਅਤੇ ਉੱਤਰ ਪ੍ਰਦੇਸ਼ ਵਿੱਚ ਪ੍ਰਚੰਡ ਹੋਇਆ ਹੈ।ਉਨ੍ਹਾਂ ਕਿਹਾ ਕੇਂਦਰੀ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਅਤੇ ਹੋਰ ਭਾਜਪਾ ਆਗੂਆਂ ਦੁਆਰਾ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਨੂੰ ਗਲਤ ਰੰਗਤ ਵਿੱਚ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੀਆਂ।ਕਿਸਾਨ ਜਥੇਬੰਦੀਆਂ ਨੂੰ ਇੱਕਜੁਟਤਾ ਨਾਲ ਅਜਿਹੇ ਬਿਰਤਾਂਤ ਦਾ ਸਾਹਮਣਾ ਕਰਨਾ ਚਾਹੀਦਾ ਹੈ।ਬਾਬਾ ਬਲਬੀਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਦੀ ਜਲਦ ਸੇਹਤਯਾਬ ਹੋਣ ਦੀ ਕਾਮਨਾ ਕੀਤੀ।ਉਨ੍ਹਾਂ ਨਾਲ ਹੀ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਿਆਂ ਸਰਧਾਂਜਲੀ ਭੇਟ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਉਹ ਨੌਜਵਾਨ ਹਨ ਜਿਨਾਂ ਦੇ ਵਾਰਸ ਦਿਲੀ ਦੇ ਵੱਖ-ਵੱਖ ਬਾਰਡਰਾਂ ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।ਉਨ੍ਹਾਂ ਨੂੰ ਸਰਕਾਰ ਅਤਿਵਾਦੀ ਵੱਖਵਾਦੀ ਦੱਸ ਰਹੀ ਹੈ।ਸਰਹੱਦਾਂ ਤੇ ਸਭ ਤੋਂ ਵੱਧ ਸ਼ਹੀਦੀਆਂ ਸਿੱਖ ਫੌਜੀਆਂ ਦੀਆਂ ਹੋ ਰਹੀਆਂ ਹਨ।