ਮਾਲੇਰਕੋਟਲਾ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦਾ ਵਫਦ ਮੰਗਾਂ ਸਬੰਧੀ ਕੈਬਨਿਟ ਮੰਤਰੀ ਦੇ ਪੀ.ਏ ਨੂੰ ਮੰਗ ਪੱਤਰ ਸੌਂਪਦਾ ਹੋਇਆ।
ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 18 ਅਕਤੂਬਰ, 2021: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨਿੱਜੀ ਰਿਹਾਇਸ਼ ਤੇ ਪੁੱਜ ਕੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਉਪਰੰਤ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸੁਰਿੰਦਰ ਕੌਰ ਬਾਗੜੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀਆਂ ਆ ਰਹੀਆਂ ਵਰਕਰਾਂ ਤੇ ਹੈਲਪਰਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅੱਖੋਂ ਪਰੋਖੇ ਕਰਨਾ ਬੇਹੱਦ ਮੰਦਭਾਗਾ ਹੈ। ਕਾਂਗਰਸ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ ਅਤੇ ਸਮਾਂ ਲੰਘਾਓ ਨੀਤੀ ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਆਂਗਣਵਾੜੀ ਸੈਂਟਰਾਂ ਦੇ 03 ਤੋਂ 06 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 'ਚ ਖੋਹ ਕੇ ਸਰਕਾਰੀ ਪ੍ਰਰਾਇਮਰੀ ਸਕੂਲਾਂ 'ਚ ਭੇਜ ਦਿੱਤੇ ਸਨ ਹੋਏ ਸਮਝੋਤੇ ਅਨੁਸਾਰ ਸੈਂਟਰਾਂ 'ਚ ਭੇਜੇ ਜਾਣ, ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ, ਐੱਨ.ਜੀ.ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ, ਵਰਕਰਾਂ ਨੂੰ ਸਮਾਰਟ ਫੋਨ ਦਿੱਤਾ ਜਾਣ, ਉਤਸਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ ਪੰਜ ਸੋ ਰੁਪਏ ਤੇ ਢਾਈ ਰੁਪਏ ਦਿੱਤੇ ਜਾਣ, ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤੇ ਜਾਣ, ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਉਪਰ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਹੀ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ ਇੱਕ ਰੁਪਈਆ ਦਿੱਤਾ ਜਾਵੇ ਕਿਉਂਕਿ ਗੈਸ ਸਿੰਲਡਰ ਦੇ ਭਾਅ ਦੁੱਗਣੇ ਹੋ ਗਏ ਹਨ ਆਦਿ ਮੰਗਾਂ ਸੰਬੰਧੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੀ.ਏ ਦਰਬਾਰਾ ਸਿੰਘ ਨੂੰ ਮੰਗ ਪੱਤਰ ਸੋਪਿਆ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨੂੰ ਸੂਬਾ ਸਰਕਾਰ ਤੁਰੰਤ ਪੂਰਾ ਕਰੇ ਨਹੀਂ ਤਾਂ ਆਂਗਣਵਾੜੀ ਮੁਲਾਜਮਾਂ ਨੂੰ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹਰਪ੍ਰਰੀਤ ਕੌਰ ਭੱਟੀਆਂ ਸਰਕਲ ਪ੍ਰਧਾਨ, ਸੁਰਿੰਦਰ ਕੌਰ ਹਥਨ ਸਰਕਲ ਪ੍ਰਧਾਨ, ਸੱਤਿਆ ਮਾਲੇਰਕੋਟਲਾ ਸਰਕਲ ਪ੍ਰਧਾਨ ਹੋਰ ਵੀ ਮੌਜੂਦ ਸਨ।