ਲੁਧਿਆਣਾ ਸੁਨਿਆਰੇ ਦੀ ਦੁਕਾਨ ਉਪਰ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 2 ਕਾਬੂ ਇੱਕ ਫਰਾਰ
ਸੰਜੀਵ ਸੂਦ
- ਫੜੇ ਗਏ ਆਰੋਪੀ ਆਪਸ ਵਿੱਚ ਹਨ ਰਿਸ਼ਤੇਦਾਰ
- ਸੀ ਸੀ ਟੀ ਵੀ ਫੁਟੇਜ਼ ਵਿਚ ਸੁਨਿਆਰੇ ਨੇ ਹੌਂਸਲਾ ਦਿਖਾ ਖੋਹਿਆ ਸੀ ਪਿਸਤੌਲ
- ਪੁਲਿਸ ਨੇ ਕਿਹਾ ਪਹਿਲਾਂ ਵੀ ਕੀਤੀਆਂ ਹਨ ਵਾਰਦਾਤਾਂ, ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ
ਲੁਧਿਆਣਾ, 20 ਅਕਤੂਬਰ 2021 - ਲੁਧਿਆਣਾ ਪੁਲਿਸ ਨੇ ਇਕ ਵੱਡੀ ਸਫਲਤਾ ਮਿਲੀ ਹੈ। ਜਿਸ ਵਿੱਚ ਪੁਲਿਸ ਵੱਲੋਂ 24 ਘੰਟਿਆਂ ਤੋਂ ਵੀ ਪਹਿਲਾਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੁਧਿਆਣਾ ਦੇ ਤਾਜਪੁਰ ਰੋਡ ਉਪਰ ਤਿੰਨ ਨੌਜਵਾਨਾਂ ਵੱਲੋਂ ਬੀਤੀ ਰਾਤ ਸੁਨਿਆਰੇ ਨੂੰ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਸੁਨਿਆਰੇ ਨੇ ਹੌਂਸਲਾ ਦਿਖਾ ਨਕਾਮ ਕੀਤਾ ਸੀ। ਇਹਨਾ ਤਿੰਨਾ ਆਰੋਪੀਆਂ ਵਿੱਚੋਂ ਪੁਲਿਸ ਨੇ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਪੁਲਿਸ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਇੱਕ 24 ਘੰਟਿਆਂ ਤੋਂ ਵੀ ਪਹਿਲਾਂ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਹੱਲ ਕੀਤਾ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫੜੇ ਗਏ ਆਰੋਪੀ ਆਪਸ ਵਿਚ ਰਿਸ਼ਤੇਦਾਰ ਹਨ। ਅਤੇ ਇਨ੍ਹਾਂ ਦਾ ਪਿੱਛਾ ਯੂ ਪੀ ਦਾ ਹੈ। ਉੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਤੀਸਰੇ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।