‘ਮਾਲਵਾ ਸੇਫ ਮਿਸ਼ਨ’ ਦੀ ਸ਼ੁਰੂਆਤ ਮੌਕੇ ਮਾਲਵੇ ਵਿਚਲੇ ਹਾਲਾਤਾਂ ਪ੍ਰਤੀ ਫਿਕਰ ਜਾਹਰ
ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2021:ਐਨਜੀਓ ਰਾਹਤ-ਦਾ ਸੇਫ਼ ਕਮਿਓਨਿਟੀ ਫ਼ਾਊਂਡੇਸ਼ਨ ਦੇ ਚੇਅਰਮੈਨ, ਗਲੋਬਲ ਸੁਸਾਇਟੀ ਆਫ਼ ਸੇਫ਼ਟੀ ਪ੍ਰੋਫ਼ੈਸ਼ਨਲਜ਼ ਦੇ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਦੀ ਅਧੀਨਗੀ ਵਾਲੀ ਕੌਮੀ ਸੜਕ ਸੁਰੱਖਿਆ ਪਰਿਸ਼ਦ ਦੇ ਮੈਂਬਰ ਡਾ ਕਮਲਜੀਤ ਸਿੰਘ ਸੋਈ ਨੇ ਸੜਕ ਸੁਰੱਖਿਆ ਨਿਯਮਾਂ ਦੀ ਬਿਹਤਰ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਿਸ਼ਨ ਸੇਫ਼ ਮਾਲਵਾ ਦੀ ਸ਼ੁਰੂਆਤ ਕਰਦਿਆਂ ਪੰਜਾਬ ਵਿਚਲੇ ਹਾਲਾਤਾਂ ਪ੍ਰਤੀ ਫਿਕਰ ਜਾਹਰ ਕੀਤੇ। ਮਿਸ਼ਨ ਸੇਫ਼ ਲੁਧਿਆਣਾ ਅਤੇ ਅੰਮ੍ਰਿਤਸਰ ਦੀ ਸਫ਼ਲਤਾ ਤੋਂ ਬਾਅਦ ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਡਾ ਸੋਈ ਨੇ ਸੜਕੀ ਹਾਲਾਤਾਂ ਨੂੰ ਲੈਕੇ ਸਿਆਸੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਸੱਤਾ ਤੇ ਸਭ ਤੋਂ ਵੱਧ ਕਾਬਜ ਰਹਿਣ ਵਾਲਿਆਂ ਨੂੰ ਪੰਜਾਬ ਦੇ ਦੁੱਖਾਂ ਲਈ ਕਸੂਰਵਾਰ ਕਰਾਰ ਦਿੱਤਾ। ਗੁਟਕਾ ਸਾਹਿਬ ਦੀ ਸੌਂਹ ਦਾ ਜਿਕਰ ਕਰਦਿਆਂ ਉਨ੍ਹਾਂ ਨਸ਼ਿਆਂ ਖਾਸ ਤੌਰ ਸ਼ਰਾਬ ਦੀ ਵਿੱਕਰੀ ਨੂੰ ਲੈਕੇ ਕੈਪਟਨ ਦੇ ਰਾਜ ਭਾਗ ਨੂੰ ਕਟਹਿਰੇ ’ਚ ਖੜ੍ਹਾਇਆ।
ਡਾ: ਕਮਲਜੀਤ ਸੋਈ ਨੇ ਕਿਹਾ ਕਿ ਮਾਲਵੇ ਦੇ ਬਠਿੰਡਾ, ਫਰੀਦਕੋਟ, ਫਿਰੋਜਪੁਰ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਆਦਿ ਕੇਂਦਰ ਸਰਕਾਰ ਦੀ ਰਾਸ਼ਟਰੀ ਕਾਰਜ ਯੋਜਨਾ “ਨਸ਼ਾ ਮੁਕਤ ਭਾਰਤ“ ਤਹਿਤ ਨਸ਼ੇ ਦੀ ਦੁਰਵਰਤੋਂ ਲਈ ਪਛਾਣੇ ਗਏ ਹਨ ਜਿੱਥੇ ਆਵਾਜਾਈ ਕਈਂ ਤਰਾਂ ਦੀ ਉਲੰਘਣਾਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਮਾਲਵਾ ਦੀਆਂ ਵਿਸ਼ੇਸ਼ ਥਾਵਾਂ ਦਾ ਜ਼ਿਕਰ ਵੀ ਕੀਤਾ, ਜਿੱਥੇ ਸਭ ਤੋਂ ਵੱਧ ਹਾਦਸੇ ਹੁੰਦੇ ਹਨ ਤੇ ਜਾਨਾਂ ਜਾਂਦੀਆਂ ਹਨ। ਨਸ਼ਾ ਤਸਕਰੀ ਰੋਕਣ ਲਈ ਉੱਚ ਸੁਰੱਖਿਆ ਨੰਬਰ ਪਲੇਟਾਂ ਨੂੰ ਸਖਤੀ ਨਾਲ ਲਾਗੂ ਕਰਨ ‘ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰੀ ਗੱਡੀਆਂ ਤੇ ਫਰਜ਼ੀ ਨੰਬਰ ਪਲੇਟਾਂ ਲਾਉਂਦੇ ਹਨ ਜਿਸ ਨਾਲ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਨੁਕਸਾਨ ਹੁੰਦਾ ਹੈ । ਡਾ: ਕਮਲਜੀਤ ਸੋਈ ਨੇ ਕਿਹਾ, ਕਿ ਪੰਜਾਬ ਸਰਕਾਰ ਨੇ ਗੱਡੀਆਂ ’ਤੇ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਾਂ ਲਾਉਣ ਦਾ ਕੰਮ ਸਾਲ 2012 ਵਿੱਚ ਆਰੰਭ ਕੀਤਾ ਸੀ ਜੋਕਿ ਨੌਂ ਸਾਲ ਬਾਅਦ ਵੀ ਮੁਕੰਮਲ ਨਹੀਂ ਕੀਤਾ ਜਾ ਸਕਿਆ ਹੈ।
ਉਨ੍ਹਾਂ ਚਿੰਤਾ ਜਤਾਈ ਕਿ ਹਾਲੇ ਦੀਆਂ ਸੜਕਾਂ ’ਤੇ ਵੀਹ ਲੱਖ ਦੇ ਕਰੀਬ ਗੱਡੀਆਂ ਬਿਨਾਂ ਅਜਿਹੀਆਂ ਨੰਬਰ ਪਲੇਟਾਂ ਤੋਂ ਸੜਕਾਂ ਤੇ ਧੂੜਾਂ ਪੱਟਦੀਆਂ ਫਿਰ ਰਹੀਆਂ ਹਨ ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 27 ਜੁਲਾਈ 2020 ਨੂੰ ਨੋਟੀਫਿਕੇਸ਼ਨ ਰਾਹੀਂ ਬਿਨਾਂ ਸੁਰੱਖਿਆ ਨੰਬਰ ਪਲੇਟਾਂ ਤੋਂ ਚੱਲਣ ਵਾਲੀਆਂ ਗੱਡੀਆਂ ਲਈ ਪਹਿਲੀ ਵਾਰ ਦੋ ਹਜਾਰ ਰੁਪਿਆ ਜੁਰਮਾਨਾ ਅਤੇ ਫ਼ਿਰ ਹਰ ਵਾਰੀ 3 ਹਜ਼ਾਰ ਦੇ ਜੁਰਮਾਨੇ ਠੋਕਣ ਦਾ ਐਲਾਨ ਕੀਤਾ ਸੀ । ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲੀਸ ਨੇ ਇਸ ਦਿਸ਼ਾ ’ਚ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਗੱਡੀਆਂ ਦੇ ਮਾਲਕ ਅਤੇ ਚਾਲਕ ਲਾਪਰਵਾਹੀ ਵਰਤ ਰਹੇ ਹਨ। ਡਾ ਸੋਈ ਨੇ ਆਖਿਆ ਕਿ ਕੁੱਝ ਥਾਵਾਂ ’ਤੇ ਪੁਲਿਸ ਨੇ ਗੈਰਸਮਾਜੀ ਅਨਸਰਾਂ ਵੱਲੋਂ ਵਰਤੀਆਂ ਜਾ ਰਹੀਆਂ ਫਰਜ਼ੀ ਨੰਬਰ ਪਲੇਟ ਵਾਲੀਆਂ ਗੱਡੀਆਂ ਫੜ੍ਹੀਆਂ ਹਨ ਇਸ ਲਈ ਦੇਸ਼ ਦੀ ਸੁਰੱਖਿਆ ਲਈ ਹਾਈ ਸਕਿਉਰਟੀ ਨੰਬਰ ਪਲੇਟ ਲੱਗਣੀ ਯਕੀਨੀ ਬਨਾਉਣੀ ਚਾਹੀਦੀ ਹੈ।
ਉਨ੍ਹਾਂ ਤਸੱਲੀ ਪ੍ਰਗਟਾਈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 12 ਅਗਸਤ 2021 ਨੂੰ ਟਰਾਂਸਪੋਰਟ ਵਿਭਾਗ ਨੇ ਇੰਨ੍ਹਾਂ ਨੰਬਰ ਪਲੇਟਾਂ ਸਬੰਧੀ ਮੁੜ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਇਸ ਤਹਿਤ 12 ਜੂਨ 1989 ਤੋਂ ਬਾਅਦ ਪੀ ਬੀ ਕੋਡ ਅਤੇ ਰਜਿਸ਼ਟਰੇਸ਼ਨ ਚਿੰਨ੍ਹ ਤੋਂ ਬਿਨਾਂ ਜਾਰੀ ਕੀਤੇ ਨੰਬਰ ਵੀ ਮੋਟਰ ਵਾਹਨ ਐਕਟ 1988 ਦੇ ਮੁਤਾਬਕ ਨਹੀਂ ਹਨ ਇਸ ਲਈ ਅਜਿਹੇ ਨੰਬਰਾਂ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਵੀ ਆਪਣੇ ਨੰਬਰ ਤੁਰੰਤ ਸਰਕਾਰ ਦੇ ਹਵਾਲੇ ਕਰਕੇ ਨਵੀਂ ਰਜਿਸਟਰੇਸ਼ਨ ਕਰਾਉਣੀ ਚਾਹੀਦੀ ਹੈ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਤੁਰੰਤ ਇਸ ਸਕੀਮ ਨੂੰ ਲਾਗੂ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਤਾਂ ਜੋ ਜਾਅਲੀ ਨੰਬਰਾਂ ‘ਤੇ ਚੱਲਣ ਵਾਲੀਆਂ ਗੱਡੀਆਂ ਅਤੇ ਉਨ੍ਹਾਂ ਨਾਲ ਹੁੰਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਡਾ ਸੋਈ ਨੇ ਮਿਸ਼ਨ ਮਾਲਵਾ ਸੇਫ ਨੂੰ ਸਫਲ ਬਨਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਮੀਡੀਆ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।