ਅੱਗ ਲੱਗ ਸੜ ਕੇ ਸੁਆਹ ਹੋਈਆਂ ਝੁੱਗੀਆਂ: ਫੌਰੀ ਤੌਰ ਉੱਪਰ ਸਰਵੇ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਮਲੇਰਕੋਟਲਾ, 21 ਅਕਤੂਬਰ, 2021: ਪਿਛਲੇ ਦਿਨੀਂ ਮਲੇਰਕੋਟਲਾ ਵਿਖੇ ਠੰਢੀ ਸੜਕ ਐੱਸਡੀਐੱਮ ਦਫ਼ਤਰ ਦੇ ਨਜ਼ਦੀਕ ਅਚਨਚੇਤ ਅੱਗ ਲੱਗਣ ਨਾਲ ਪੰਜਾਹ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ।
ਅੱਜ ਇਸ ਜਗ੍ਹਾ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਸਥਾਨਕ ਆਗੂਆਂ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਪੰਜਾਹ ਦੇ ਲਗਪਗ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਮਾਲੀ ਨੁਕਸਾਨ ਜਿਵੇਂ ਕਿ ਨਕਦੀ, ਜ਼ਰੂਰੀ ਕਾਗਜ਼ਾਤ ਅਤੇ ਰੋਜ਼ਾਨਾ ਵਰਤੋਂ ਦੇ ਸਾਰੇ ਜ਼ਰੂਰੀ ਸਾਮਾਨ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਦੇ ਹੁੁਣ ਇੱਥੇ ਰਹਿਣ ਅਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਉਹ ਲੋਕਾਂ ਵੱਲੋਂ ਲਗਾਏ ਜਾ ਰਹੇ ਲੰਗਰ ਉੱਪਰ ਹੀ ਨਿਰਭਰ ਹਨ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਸਭ ਕੁੱਝ ਹੋਣ ਜਾਣ ਦੇ ਬਾਵਜੂਦ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਇਸ ਜਗ੍ਹਾ ਦਾ ਦੌਰਾ ਤੱਕ ਨਹੀਂ ਕੀਤਾ ਗਿਆ ਅਤੇ ਐੱਸਡੀਐੱਮ ਦਫ਼ਤਰ ਬਿਲਕੁਲ ਨਜ਼ਦੀਕ ਹੋਣ ਦੇ ਬਾਵਜੂਦ ਅਜੇ ਤਕ ਪੀਡ਼ਤ ਲੋਕਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸਰਕਾਰੀ ਮਦਦ ਦਿੱਤੀ ਗਈ ਹੈ।
ਇਸ ਮੌਕੇ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਪ੍ਰਸ਼ਾਸਨ ਇਨ੍ਹਾਂ ਗ਼ਰੀਬ ਅਤੇ ਬੇਸਹਾਰੇ ਲੋਕਾਂ ਦੇ ਹੋਏ ਨੁਕਸਾਨ ਦਾ ਫੌਰੀ ਤੌਰ ਉੱਪਰ ਸਰਵੇ ਕਰਕੇ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਕਰਵਾਇਆ ਜਾਵੇ ਅਤੇ ਇਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।