ਅਸ਼ੋਕ ਵਰਮਾ
ਨਵੀਂ ਦਿੱਲੀ, 22 ਅਕਤੂਬਰ 2021 : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿੱਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜੋ ਸਿੰਘੂ ਬਾਰਡਰ ਤੇ ਹੋਇਆ ਧਾਰਮਿਕ ਗਰੰਥ ਦੇ ਬੇਅਦਬੀ ਦੇ ਮਾਮਲਾ ਅਤੇ ਇਕ ਵਿਅਕਤੀ ਦਾ ਕਤਲ ਇਹ ਦੋਨੋਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ ਪਰ ਇਸ ਦੇ ਪਿੱਛੇ ਕੇਂਦਰ ਦੀ ਭਾਜਪਾ ਹਕੂਮਤ ਦੀ ਸਾਜ਼ਿਸ਼ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿਚ ਲਖਮੀਰਪੁਰ ਖੀਰੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਤੋਂ ਧਿਆਨ ਲਾਂਭੇ ਕਰਨ ਲਈ ਪੂਰੇ ਵਿਉਂਤਬੰਦੀ ਦੇ ਨਾਲ ਗਿਣ ਮਿਥ ਕੇ ਕੀਤਾ ਹੋਇਆ ਕਾਰਾ ਹੈ ।
ਉਨ੍ਹਾਂ ਕਿਹਾ ਕਿ ਜਿਸ ਦਾ ਮਕਸਦ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤੀ ਅਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਕੀਤੀ ਜਾ ਰਹੀ ਮੰਗ ਤੋਂ ਧਿਆਨ ਹਟਾਉਣਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਗਿਆਰਾਂ ਮਹੀਨਿਆਂ ਤੋਂ ਸ਼ਾਂਤਮਈ ਰਹਿ ਕੇ ਚੱਲ ਰਿਹਾ ਕਿਸਾਨ ਅੰਦੋਲਨ ਕੇਂਦਰ ਦੀ ਹਕੂਮਤ ਨੂੰ ਹਜ਼ਮ ਨਹੀਂ ਹੋ ਰਿਹਾ ਇਸ ਲਈ ਕਿਸਾਨਾਂ ਨੂੰ ਮੋਰਚਿਆਂ ਚੋਂ ਥੜਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ । ਸ੍ਰੀ ਉਗਰਾਹਾਂ ਨੇ ਕਿਹਾ ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਦਿਨ ਹਨ ਇਨ੍ਹਾਂ ਦਿਨਾਂ ਵਿਚ ਅੰਦੋਲਨਕਾਰੀ ਕਿਸਾਨਾਂ ਦੇ ਚੱਲ ਰਹੇ ਮੋਰਚਿਆਂ ਵਿੱਚ ਆਲੇ ਦੁਆਲੇ ਦੇ ਭਾਜਪਾ ਸਮਰਥਕਾਂ ਨੂੰ ਮੋਰਚੇ ਦੇ ਖ਼ਿਲਾਫ਼ ਉਕਸਾ ਕੇ ਕਿਸਾਨ ਇਕੱਠਾਂ ਵਿੱਚ ਭੇਜ ਕੇ ਭਾਜਪਾ ਗੜਬੜ ਕਰਾਉਣ ਦੀ ਪੂਰੀ ਤਾਕ ਵਿੱਚ ਹੈ ।
ਉਨ੍ਹਾਂ ਕਿਹਾ ਕਿ ਇਸ ਕਰਕੇ ਮੋਰਚੇ ਵਿੱਚ ਸਾਮਲ ਕਿਸਾਨਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ । ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਨੂੰ ਤੁਹਾਡੇ ਇਹ ਸ਼ਾਂਤਮਈ ਅੰਦੋਲਨ ਕਰਕੇ ਉਨ੍ਹਾਂ ਦੀਆਂ ਪਹਿਲਾਂ ਘੜੀਆਂ ਗਈਆਂ ਸਾਰੀਆਂ ਸਕੀਮਾਂ ਫੇਲ੍ਹ ਹੋ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਇਸ ਕਰਕੇ ਸਾਨੂੰ ਚੌਕਸੀ ਅਤੇ ਸੰਭਲ ਕੇ ਚੱਲਣ ਦੀ ਲੋੜ ਹੈ ।ਅੱਜ ਸਟੇਜ ਸਕੱਤਰ ਦੀ ਭੂਮਿਕਾ ਧੂਰੀ ਬਲਾਕ ਦੇ ਆਗੂ ਹਰਪਾਲ ਸਿੰਘ ਨੇ ਸੰਭਾਲੀ ਅਤੇ ਸਟੇਜ ਤੋਂ ਇੰਦਰਜੀਤ ਸਿੰਘ ਝੱਬਰ, ਦੇਸਾ ਸਿੰਘ ਘੜਿਆਲਾ, ਹਰਬੰਸ ਸਿੰਘ ਕੋਟਲੀ , ਮਨਜੀਤ ਸਿੰਘ ਘਰਾਚੋਂ ,ਮਨਜੀਤ ਕੌਰ ਘੋੜੇਨਵ ਅਤੇ ਬਲਕਾਰ ਸਿੰਘ ਤਰੌਡ਼ਾ ਨੇ ਵੀ ਸੰਬੋਧਨ ਕੀਤਾ ।