ਇੰਨੋਵੇਟਰ ਹੋਣ ਲਈ ਕਈ ਵਾਰ ਸਾਨੂੰ ਸਾਡੇ ਮੁੱਢਲੇ ਗਿਆਨ ਨੂੰ ਭੁੱਲਣਾ ਵੀ ਪੈਂਦਾ ਹੈ: ਰਾਮੇਸ਼ ਕੁਮਾਰ ਗੰਤਾ
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੋਹਾਲੀ ਕੈਂਪਸ ਵਿਖੇ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ ਡਿਵੈਲਪਮੈਂਟ ਕੋਆਰਡੀਨੇਸ਼ਨਸ ਮੀਟ ਦਾ ਆਯੋਜਨ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ/ਕਪੂਰਥਲਾ/ਜਲੰਧਰ 23 ਅਕਤੂਬਰ 2021- ਕੁੱਝ ਨਵਾਂ ਕਰਨ ਵਾਲੇ, ਇੰਨੋਵੇਟਰ ਬਣਨ ਲਈ ਇਹ ਜ਼ਰੂਰੀ ਹੈ ਕਿ ਜੋ ਅਸੀਂ ਪਹਿਲਾਂ ਹੀ ਸਿੱਖ ਚੁੱਕੇ ਹਾਂ ਉਸਨੂੰ ਬਦਲ ਦੇਈਏ ਜਾਂ ਭੁੱਲ ਜਾਈਏ। ਉਸ ਉੱਤੇ ਕੰਮ ਕਰੀਏ ਜੋ ਅਸੀਂ ਪਹਿਲਾਂ ਨਹੀਂ ਸਿੱਖਿਆ ਹੈ! ਇੱਕ ਨਵਾਂ ਟੀਚਾ ਹਾਸਲ ਕਰਨ ਲਈ ਇਹ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ ਇਹ ਵੀ ਮਹੱਤਵਪੂਰਨ ਹੈ ਕਿ ਇਨੋਵੇਸ਼ਨ ਮਨੁੱਖੀ ਉੱਨਤੀ, ਰਚਨਾ ਅਤੇ ਸਕਾਰਾਤਮਕ ਰਵੱਈਏ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ। ਇਹ ਇੱਕ ਗੰਭੀਰ ਮਾਮਲਾ ਹੈ ਕਿ ਅੱਜ ਸੋਧ ਅਤੇ ਖੋਜ ਲਈ ਵੀ ਜ਼ਿਆਦਾਤਰ ਲੋਕ ਸ਼ਰਚ ਇੰਜਨ ਜਿਵੇਂ ਕਿ ਗੂਗਲ ਆਦਿ ਦੀ ਵਰਤੋਂ ਕਰ ਰਹੇ ਹਨ! ਆਪਣੇ ਆਪ ਨੂੰ, ਆਪਣੇ ਵਿਚਾਰ ਨੂੰ, ਨਵੀਨ ਕਰੋ ਅਤੇ ਫਿਰ ਆਪਣੇ ਕਾਰਜ ਨੂੰ ਸਮਾਜ ਹਿੱਤ ਵਿੱਚ ਕਰੋ । ਇਹ ਸੰਦੇਸ਼ ਸੀਨੀਅਰ ਆਈ.ਏ.ਐਸ ਅਧਿਕਾਰੀ ਰਮੇਸ਼ ਕੁਮਾਰ ਗੰਤਾ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਅਤੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ ਦੇ ਕੁਲਪਤੀ ਦਾ ਹੈ, ਉਹ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਵਿਖੇ ਪੰਜਾਬ ਭਰ ਦੇ ਵੱਖ -ਵੱਖ ਕਾਲਜਾਂ ਦੀ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ ਡਿਵੈਲਪਮੈਂਟ ਕੋਆਰਡੀਨੇਸ਼ਨ ਮੀਟਿੰਗ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਉਹਨਾਂ ਆਪਣੇ ਸੰਦੇਸ਼ ਵਿਚ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ ਡਿਵੈਲਪਮੈਂਟ ਕੋਆਰਡੀਨੇਟਰਸ ਨੂੰ ਇਹ ਵੀ ਕਿਹਾ ਕਿ ਉਹ ਜ਼ਮੀਨੀ ਪੱਧਰ ਤੱਕ ਆਉਣ, ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ, ਉਨ੍ਹਾਂ ਨੂੰ ਪ੍ਰੇਰਿਤ ਕਰਨ ਅਤੇ ਨੌਜਵਾਨਾਂ ਨੂੰ ਕਿਤਾਬਾਂ ਦਾ ਅਧਿਐਨ ਕਰਨ ਲਈ ਵੀ ਪ੍ਰੇਰਿਤ ਕਰਨ! ਉਹਨਾਂ ਭਾਸ਼ਾ ਦੀ ਰੁਕਾਵਟ ਦੇ ਵਿਸ਼ੇ ਤੇ ਵੀ ਆਪਣੀ ਗੱਲ ਰੱਖੀ ।
ਸਮਾਰੋਹ ਚ ਦੂਸਰੇ ਆਈ.ਏ.ਐਸ ਅਧਿਕਾਰੀ ਜਸਪ੍ਰੀਤ ਸਿੰਘ, ਰਜਿਸਟਰਾਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੀ ਤਰਫੋਂ ਸਟਾਰਟਅਪ ਯੋਜਨਾਵਾਂ ਦੇ ਸੰਦਰਭ ਵਿੱਚ ਵੀ ਗੱਲ ਕੀਤੀ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਸਟਾਰਟਅਪਸ ਅਤੇ ਇਨੋਵੇਸ਼ਨ ਨੂੰ ਉਤਸ਼ਾਹਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਨੌਕਰੀ ਸਿਰਜਣ ਵਾਲੇ ਬਣਨ ਅਤੇ ਯੂਨੀਵਰਸਿਟੀ ਤੇ ਕਾਲਜ ਪੱਧਰ 'ਤੇ ਆਪਣਾ ਕਾਰੋਬਾਰ ਖੁਦ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਾਰਿਆਂ ਲਈ ਰੁਜ਼ਗਾਰ ਦੇ ਮੌਕਿਆਂ ਨਾਲ ਖੜ੍ਹਾ ਹੋਵੇਗਾ।
ਆਈ.ਏ.ਐਸ ਜਸਪ੍ਰੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਕੋਆਰਡੀਨੇਟਰਾਂ ਦੀਆਂ ਵੱਖ -ਵੱਖ ਉਤਸੁਕਤਾਵਾਂ ਨੂੰ ਵੀ ਸ਼ਾਂਤ ਕੀਤਾ। ਇਸ ਦੌਰਾਨ ਸਾਲ 2021 ਲਈ ਟੈਪ ਬਿਜਨਸ ਪਲਾਨ ਮੁਕਾਬਲੇ ਦਾ ਵੀ ਉਦਘਾਟਨ ਪ੍ਰਮੁੱਖ ਸਕੱਤਰ, ਸੀਨੀਅਰ ਆਈਏਐਸ ਰਾਮੇਸ਼ ਕੁਮਾਰ ਗੰਤਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਇੱਕ ਰਾਜ ਪੱਧਰੀ ਮੁਕਾਬਲਾ ਹੈ, ਜਿਸ ਵਿੱਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀਆਂ ਅਤੇ ਆਈ.ਕੇ.ਜੀ ਪੀ.ਟੀ.ਯੂ ਦੇ ਸਾਰੇ ਕੈਂਪਸਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਇੰਜੀ ਨਵਦੀਪਕ ਸੰਧੂ, ਡਿਪਟੀ ਡਾਇਰੈਕਟਰ ਕਾਰਪੋਰੇਟ ਰਿਲੇਸ਼ਨਜ਼ ਅਤੇ ਅਲੂਮਨੀ ਨੇ ਕਿਹਾ ਕਿ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸ਼ੁਰੂਆਤੀ ਉਤਸ਼ਾਹ ਪੈਦਾ ਕਰਨਾ, ਉਨ੍ਹਾਂ ਨੂੰ ਨਵੀਨ ਕਾਰਜ ਕਰਨ ਲਈ ਸਿੱਖਿਅਤ ਕਰਨ ਅਤੇ ਹਟਕੇ ਸੋਚਣ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੁਕਾਬਲੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ, ਰਾਜ ਦੇ 20 ਵੱਡੇ ਉਦਯੋਗਪਤੀ ਜਾਗਰੂਕਤਾ ਕੈਂਪ ਵਿੱਚ ਭਾਗ ਲੈਣਗੇ! ਇਸ ਮੌਕੇ ਨਾਮੀ ਹਸਤੀ ਤੇ ਟਾਈ ਇੰਡੀਆ ਦੇ ਅਹੁਦੇਦਾਰ ਹਰਦੇਸ਼ ਮਦਾਨ ਵੱਲੋਂ ਇਸ ਪ੍ਰਤੀਯੋਗਤਾ ਦੇ ਸੰਬੰਧ ਵਿੱਚ ਇੱਕ ਪੀ.ਪੀ.ਟੀ. ਰਾਹੀਂ ਹਿੱਸੇਦਾਰੀ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਰੋਬਿਨ ਅਗਰਵਾਲ ਵੱਲੋਂ ਯੂਨੀਵਰਸਿਟੀ ਅਤੇ ਟਾਈ ਇੰਡੀਆ ਵਿਚਲੀ ਸਾਂਝ ਉਪਰ ਗੱਲ ਰਖੀ ਗਈ।