ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਵਾਬ ਕਪੂਰ ਸਿੰਘ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦੀ ਬਰਸੀ ਸਮਾਗਮ ਹੋਏ
ਪੰਥ ਨੂੰ ਚੁਫੇਰਿਓ ਵੱਡੀਆਂ ਚਨੌਤੀਆਂ ਹਨ ਕੌਮ ਇੱਕਮੁੱਠ ਹੋ ਕੇ ਮੁਕਾਬਲਾ ਕਰੇ:ਦਿਲਜੀਤ ਸਿੰਘ ਬੇਦੀ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 23 ਅਕਤੂਬਰ 2021 -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਸਿੱਖ ਇਤਿਹਾਸ ਦੇ ਮਹਾਨ ਨਾਇਕ ਨਵਾਬ ਕਪੂਰ ਸਿੰਘ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦੀ ਬਰਸੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜਾ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਅਖੰਡਪਾਠਾਂ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਗੁਰਮਤਿ ਸਮਾਗਮ ਮਨਾਏ ਗਏ।ਸੰਪੂਰਨਤਾ ਦੀ ਅਰਦਾਸ ਬਾਬਾ ਬੂਟਾ ਸਿੰਘ ਲੰਬਵਾਲੀ ਨੇ ਕੀਤੀ ਅਤੇ ਪ੍ਰਸਿੱਧ ਰਾਗੀ ਭਾਈ ਹਰਜੀਤ ਸਿੰਘ ਬਟਾਲਾ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਗਿਆਨੀ ਕੇਵਲ ਸਿੰਘ ਕੋਮਲ ਢੱਡਿਆਂ ਵਾਲੇ ਦੇ ਢਾਡੀ ਜਥੇ ਨੇ ਮਹਾਨ ਜਰਨੈਲਾਂ ਦੀਆਂ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।
ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਬਾਬਾ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਤੇ ਬਾਬਾ ਬੁੱਢਾ ਜੀ ਬਾਰੇ ਇਤਿਹਾਸਕ ਤੱਥ ਸੰਗਤਾਂ ਨਾਲ ਸਾਂਝੇ ਕੀਤੇ।ਸ੍ਰ. ਦਿਲਜੀਤ ਸਿੰਘ ਬੇਦੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਮਹਾਨ ਸੂਰਮਿਆਂ ਵੱਲੋਂ ਪਾਏ ਪੂਰਨਿਆਂ ਨੂੰ ਹਕੀਕਤ ਵਿੱਚ ਰੰਗ ਦੇਣ ਦਾ ਸਮਾ ਆ ਗਿਆ ਹੈ।ਹਰੇਕ ਮਾਈ ਭਾਈ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ, ਬਾਣੀ ਬਾਣੇ ਦੇ ਪਰਪੱਕ ਧਾਰਨੀ ਬਣਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਚਨੌਤੀਆਂ ਸਿੱਖ ਪੰਥ ਨੂੰ ਚੁਫੇਰਿਉਂ ਘੇਰਨ ਦਾ ਜਤਨ ਕਰ ਰਹੀਆਂ ਹਨ, ਕੌਮ ਦੀ ਇੱਕਜੁੱਟਤਾ ਤੇ ਮਜਬੂਤੀ ਨਾਲ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਵਿਸ਼ੇਸ਼ ਸਮਾਗਮ ਵਿੱਚ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਦਲੇਰ ਸਿੰਘ, ਬਾਬਾ ਹਰਦੀਪ ਸਿੰਘ ਕੁੰਬੜੀਆ, ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮੇਜਰ ਸਿੰਘ ਸੋਢੀ ਮੁਖੀ ਤਰਨਾ ਦਲ, ਬਾਬਾ ਮੇਜਰ ਸਿੰਘ ਸੋਢੀ ਮੁਖੀ ਤਰਨਾ ਦਲ ਵੱਲੋਂ ਬਾਬਾ ਅਮਰ ਸਿੰਘ ਤਰਨਾ ਦਲ, ਬਾਬਾ ਭਗਤ ਸਿੰਘ, ਬਾਬਾ ਗਗਨਦੀਪ ਸਿੰਘ, ਬਾਬਾ ਅਮਨਦੀਪ ਸਿੰਘ, ਜਥੇ. ਪ੍ਰਦੀਪ ਸਿੰਘ, ਸ੍ਰ. ਰਜਿੰਦਰ ਸਿੰਘ ਮਰਵਾਹ, ਸ੍ਰ. ਹਰਪਾਲ ਸਿੰਘ ਆਹਲੂਵਾਲੀਆਂ, ਸ੍ਰ. ਜਗਦੀਸ਼ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਕਲਕੱਤਾ, ਸ੍ਰ. ਸੁਰਜੀਤ ਸਿੰਘ ਰਾਹੀਂ, ਸ੍ਰ. ਹਰਪ੍ਰੀਤ ਸਿੰਘ ਬੇਦੀ, ਸ੍ਰ. ਸੁਰਿੰਦਰਪਾਲ ਸਿੰਘ, ਸ੍ਰ. ਸੁਰਿੰਦਰਜੀਤ ਸਿੰਘ, ਸ੍ਰ. ਬਲਵਿੰਦਰ ਸਿੰਘ, ਸ੍ਰ. ਦਵਿੰਦਰ ਸਿੰਘ, ਸ੍ਰ. ਮਨਜੀਤ ਸਿੰਘ ਬਾਠ, ਸ੍ਰ. ਕਿਰਪਾਲ ਸਿੰਘ ਸਮਾਜਸੇਵੀ, ਸ੍ਰ. ਹਰਜਿੰਦਰ ਸਿੰਘ ਬੱਗਾ ਸਾਬਕਾ ਮੈਨੇਜਰ, ਸ੍ਰ. ਐਸ ਪੀ ਸਿੰਘ ਏ ਆਈ ਆਰ ਆਦਿ ਨੇ ਹਾਜ਼ਰੀ ਭਰੀ।