ਝੋਨੇ ਦੀ ਖਰੀਦ: ਸਰਕਾਰ ਦੀ ‘ਸਿੱਲ੍ਹ’ ਕੱਢਣ ਮੰਡੀ ’ਚ ਪੁੱਜੇ ਜਗਰੂਪ ਗਿੱਲ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 23ਅਕਤੂਬਰ 2021:ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਅੱਜ ਪਾਰਟੀ ਆਗੂਆਂ ਨਾਲ ਬਠਿੰਡਾ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਸਰਕਾਰ ਦੀ ਢਿੱਲ ਮੱਠ ਨੂੰ ਲੈਕੇ ਤਿੱਖੇ ਸ਼ਬਦੀ ਹਮਲੇ ਕੀਤੇ। ਗਿੱਲ ਨੇ ਇਸ ਮਾਮਲੇ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਸੂਰਵਾਰ ਕਰਾਰ ਦਿੱਤਾ ਜਿਸ ਦੇ ਹੱਕ ’ਚ ਆਪ ਟੀਮ ਨੇ ਰੋਹ ਭਰਹ ਨਾਅਰੇਬਾਜੀ ਕੀਤੀ। ਗਿੱਲ ਨੇ ਆਖਿਆ ਕਿ ਪੰਜਾਬ ਸਰਕਾਰ ਫਸਲ ਦੀ ਸਿੱਲ੍ਹ ਬਹਾਨੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਆਗੂਆਂ ਨੂੰ ਦੱਸਿਆ ਕਿ ਆਮ ਤੌਰ ਤੇ ਫਸਲ ਅਤੇ ਬਾਰਦਾਨਾ ਬਚਾਉਣ ਲਈ ਪਹਿਲਾਂ ਦਾਣਾ ਮੰਡੀਆਂ ਵਿੱਚ ਕਲੋਰੋ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ ਪਰ ਇਸ ਵਾਰ ਸਰਕਾਰ ਚੁੱਪ ਵੱਟ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਆਦਾਤਰ ਦਾਣਾ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗਣ ਕਾਰਨ ਤਿਲ਼ ਸੁੱਟਣ ਨੂੰ ਵੀ ਜਗ੍ਹਾ ਨਹੀਂ ਬਚੀ ਪਰ ਖ਼ਰੀਦ ਏਜੰਸੀਆਂ ਵੀ ਝੋਨੇ ’ਚ ਵੱਧ ਨਮੀ ਦਾ ਬਹਾਨਾ ਬਣਾ ਕੇ ਫਸਲ ਖ਼ਰੀਦਣ ਤੋਂ ਕਿਨਾਰਾ ਕਰ ਰਹੀਆਂ ਹਨ। ਇਸ ਮੌਕੇ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਡੀ ’ਚ ਬੈਠਿਆਂ 15 ਦਿਨਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਵੱਧ ਨਮੀ ਦਾ ‘ਬਹਾਨਾ’ ਬਣਾ ਕੇ, ਉਨ੍ਹਾਂ ਦੀ ਫ਼ਸਲ ਦੀ ਬੋਲੀ ਨਹੀਂ ਲਾਈ ਜਾ ਰਹੀ। ਪਿੰਡ ਗੁਲਾਬਗੜ੍ਹ ਦੇ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਅੱਜ ਛੇਵਾਂ ਦਿਨ ਹੈ। ਉਪਰੋਂ ਮੌਸਮ ਵਿਭਾਗ ਵੀ ਮੀਂਹ ਪੈਣ ਦੀ ਭਵਿੱਖਬਾਣੀ ਕਰ ਰਿਹਾ ਹੈ ਅਤੇ ਜੇਕਰ ਮੀਂਹ ਆ ਜਾਂਦਾ ਹੈ ਤਾਂ ਹੋਰ ਪਤਾ ਨਹੀਂ ਕਿੰਨੇ ਦਿਨ ਮੰਡੀ ਵਿੱਚ ਹੀ ਬੈਠਣਾ ਪਵੇਗਾ ਅਤੇ ਕਣਕ ਦੀ ਫਸਲ ਦੀ ਬਿਜਾਈ ਵੀ ਲੇਟ ਹੋ ਰਹੀ ਹੈ।
ਫ਼ੂਸ ਮੰਡੀ ਦੇ ਕਿਸਾਨ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਮੰਡੀ ’ਚ ਝੋਨਾ ਲਿਆਂਦੇ ਨੂੰ 10 ਦਿਨ ਹੋ ਗਏ ਹਨ ਪਰ ਅਜੇ ਵੀ ਵਿਕਣ ਦੀ ਕੋਈ ਵਾਈ-ਧਾਈ ਨਹੀਂ। ਕਿਸਾਨਾਂ ਨੇ ਦੱਸਿਆ ਕਿ ਉਹ ਝੋਨੇ ਨੂੰ ਸੁਕਾਉਣ ਲਈ ਸਾਰਾ ਦਿਨ ਢੇਰੀਆਂ ਹਿਲਾਉਂਦੇ ਰਹਿੰਦੇ ਹਨ ਪਰ ਫੇਰ ਵੀ ਸਰਕਾਰੀ ਅਫਸਰ ਝੋਨੇ ਦੀ ਨਮੀ ਵੱਧ ਦੱਸ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਖੇਤਾਂ ’ਚੋਂ ਸਿਰਫ 50 ਫੀਸਦੀ ਫ਼ਸਲ ਦੀ ਹੀ ਕਟਾਈ ਹੋਈ ਹੈ ਅਤੇ ਮੌਸਮ ਵੀ ਰੰਗ ਵਟਾ ਕੇ ਬੱਦਲਵਾਈ ਕਰਦਾ ਹੈ ਤਾਂ ਜਾਨ ਹੋਰ ਵੀ ਮੁੱਠੀ ’ਚ ਆ ਜਾਂਦੀ ਹੈ। ਉਨ੍ਹਾਂ ਨਮੀ ਮਾਪਣ ਵਾਲੇ ਮੀਟਰਾਂ ’ਚ ਸਮਾਨਤਾ ਨਾ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇੱਕੋ ਢੇਰੀ ਨੂੰ ਵੱਖ-ਵੱਖ ਮੀਟਰਾਂ ’ਤੇ ਜਾਂਚਣ ’ਤੇ ਨਮੀ ਦੀ ਮਾਤਰਾ ਵੀ ਅੱਡੋ-ਅੱਡ ਆਉਂਦੀ ਹੈ। ਕਿਸਾਨਾਂ ਨੇ ਨਿਸ਼ਚਿਤ ਸਲ੍ਹਾਬ ਦੀ ਮਾਤਰਾ ’ਚ ਛੋਟ ਦੇ ਕੇ ਕਿਸਾਨਾਂ ਦੀ ਫ਼ਸਲ ਫੌਰੀ ਤੌਰ ਤੇ ਖਰੀਦਣ ਦੀ ਮੰਗ ਕੀਤੀ।
ਉਧਰ ‘ਆਪ’ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਅਤੇ ਆਪ ਆਗੂਆਂ ਨੇ ਸਰਕਾਰ ਉੱਤੇ ਦੋਸ਼ ਲਾਇਆ ਕਿ ਮੰਡੀਆਂ ’ਚ ਬੈਠੇ ਕਿਸਾਨਾਂ ਲਈ ਸਹੂਲਤਾਂ ਦੀ ਬਹੁਤ ਜਿਆਦਾ ਘਾਟ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਪਖ਼ਾਨੇ ਘਰਾਂ ’ਚ ਗੰਦਗੀ ਹੈ ਅਤੇ ਨਾ ਹੀ ਸਫ਼ਾਈ, ਰੌਸ਼ਨੀ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਆੜਤੀਆਂ ਵੱਲੋਂ ਕਿਸਾਨਾਂ ਨੂੰ ਪਰਚੀਆਂ ਦਿੱਤੀਆਂ ਜਾਂਦੀਆਂ ਤਾਂ ਕੇ ਕਿਸਾਨ ਆਪਣੀ ਵਾਰੀ ਆਉਣ ਤੇ ਆਪਣੀ ਫਸਲ ਖੇਤ ਵਿੱਚੋਂ ਕੱਟ ਕੇ ਲਿਆਉਂਦਾ ਅਤੇ ਮੰਡੀ ਵਿੱਚ ਜਲਦੀ ਵੇਚ ਕੇ ਅਗਲੀ ਫਸਲ ਬੀਜਣ ਲਈ ਖੇਤ ਤਿਆਰ ਕਰ ਲੈਂਦਾ।
ਉਨ੍ਹਾਂ ਕਿਹਾ ਕਿ ਜੇਕਰ ਐੱਫ ਸੀ ਆਈ ਖਰੀਦ ਨਹੀਂ ਕਰ ਸਕਦੀ ਸੀ ਤਾਂ ਮਾਰਕਫੈੱਡ, ਪਨਗਰੇਨ ਅਤੇ ਵੇਅਰਹਾਊਸ ਰਾਹੀ ਪੰਜਾਬ ਸਰਕਾਰ ਖਰੀਦ ਕਰਵਾਉਂਦੀ ਤਾਂ ਇਸ ਵਿੱਚ ਸਿੱਧੀ ਜਿੰਮੇਵਾਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਣਦੀ ਜੋਕਿ ਇਹਨਾ ਅਦਾਰਿਆਂ ਨੂੰ ਪੈਸਾ ਭੇਜਦੇ ਅਤੇ ਫੂਡ ਸਪਲਾਈ ਮਹਿਕਮੇ ਨੂੰ ਕਹਿੰਦੇ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਕਿਸਾਨਾਂ ਦਾ ਸਾਰਾ ਝੋਨਾ ਸਮੇਂ ਸਿਰ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਇੱਕ ਇੰਸਪੈਕਟਰ ਨੂੰ ਚਾਰ ਚਾਰ ਮੰਡੀਆਂ ਦਿੱਤੀਆਂ ਹੋਈਆਂ ਹਨ ਪਰ ਉਹ ਸਾਰੀਆਂ ਮੰਡੀਆਂ ਵਿੱਚ ਪਹੁੰਚ ਨਹੀਂ ਸਕਦਾ। ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਇੰਸਪੈਕਟਰ ਨੂੰ ਇੱਕ ਹੀ ਮੰਡੀ ਦਿੱਤੀ ਜਾਵੇ ਤਾਂ ਕਿ ਸਹੀ ਤਰੀਕੇ ਨਾਲ ਕੰਮ ਹੋ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਫਸਲ ਮੰਡੀਆਂ ਵਿੱਚੋਂ ਜਲਦੀ ਨਹੀਂ ਚੁੱਕਦੀ ਤਾਂ ਕਿਸਾਨ ਜਥੇਬੰਦੀਆਂ ਜਿਸ ਤਰ੍ਹਾਂ ਦੀ ਰੂਪ ਰੇਖਾ ਬਣਾਉਣਗੀਆਂ ਆਮ ਆਦਮੀ ਪਾਰਟੀ ਉਹਨਾ ਦਾ ਸਾਥ ਦੇਵੇਗੀ। ਇਸ ਮੌਕੇ ਤੇ ਉਹਨਾ ਦੇ ਨਾਲ ਜਿਲ੍ਹਾ ਡਿਪਟੀ ਪ੍ਰਧਾਨ ਅੰਮ੍ਰਿਤ ਅਗਰਵਾਲ, ਕੈਸ਼ੀਅਰ ਐੱਮ ਐੱਲ ਜਿੰਦਲ, ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ ਮਹਿੰਦਰ ਸਿੰਘ ਫੁੱਲੋ ਮਿੱਠੀ, ਦਫਤਰ ਇੰਚਾਰਜ ਬਲਜਿੰਦਰ ਬਰਾੜ, ਬਲਾਕ ਪ੍ਰਧਾਨ ਬਲਜੀਤ ਬੱਲੀ, ਜਗਤਾਰ ਸਿੰਘ ਗਿੱਲ, ਸਤਵੀਰ ਕਾਲਝਰਾਣੀ, ਅਲਕਾ ਹਾਂਡਾ, ਪਰਮਜੀਤ ਕੌਰ ਅਤੇ ਹੋਰ ਵਲੰਟੀਅਰ ਹਾਜ਼ਰ ਸਨ।