← ਪਿਛੇ ਪਰਤੋ
ਮੋਰਚੇ ਦਾ ਦਿਨ ਨੇੜੇ ਢੁੱਕਦਿਆਂ ਕਿਸਾਨ ਜੱਥੇਬੰਦੀ ਵੱਲੋਂ ਮਸ਼ਕਾਂ ਤੇਜ਼ ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ ਬਠਿੰਡਾ, 23 ਅਕਤੂਬਰ2021: ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 25 ਅਕਤੂਬਰ ਤੋਂ ਮਿਨੀ ਸੈਕਟ੍ਰੀਏਟ ਬਠਿੰਡਾ ਦੇ ਕੀਤੇ ਜਾ ਰਹੇ ਸੂਬਾ ਪੱਧਰੀ ਘਿਰਾਓ ਦੇ ਪ੍ਰਬੰਧਾਂ ਲਈ ਮਸ਼ਕਾਂ ਤੇਜ ਕਰ ਦਿੱਤੀਆਂ ਹਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਇਸ ਘਿਰਾਓ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਲਈ ਜ਼ਿਲ੍ਹੇ ਦੇ 133 ਪਿੰਡਾਂ ਵਿੱਚ ਮੀਟਿੰਗਾਂ ਅਤੇ ਹੋਕਾ ਮਾਰਚ ਕੀਤੇ ਜਾ ਚੁੱਕੇ ਹਨ । ਪਿੰਡਾਂ ਚ ਮੀਟਿੰਗਾਂ ਦੌਰਾਨ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਲੋਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਨੂੰ ਦੇਖਦਿਆਂ ਬਠਿੰਡਾ ਮੋਰਚੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਅਤੇ ਔਰਤਾਂ ਸ਼ਾਮਲ ਹੋਣਗੇ ਅਤੇ ਕਿਸਾਨਾਂ - ਮਜਦੂਰਾਂ ਨੂੰ ਮੁਆਵਜਾ ਦੇਣ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ । ਜ਼ਿਲ੍ਹਾ ਬਠਿੰਡਾ ਵੱਲੋਂ ਪਹਿਲੇ ਦਿਨ ਦੂਜੇ ਜਿਲ੍ਹਿਆਂ ਆਉਣ ਵਾਲੇ ਕਿਸਾਨਾਂ ਲਈ ਚਾਹ ਅਤੇ ਲੰਗਰ ਦੇ ਪ੍ਰਬੰਧ ਕਰ ਲਏ ਗਏ ਹਨ । ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਕਿਸਾਨਾਂ ਮਜਦੂਰਾਂ ਨੂੰ ਨਰਮੇ ਦੇ ਮੁਆਵਜੇ ਦੀ ਲੜਾਈ ਨਹੀਂ ਸਗੋਂ ਵੱਡੀ ਲੜਾਈ ਦਾ ਹਿੱਸਾ ਹੈ ਸੋ ਨੀਤੀਆਂ ਦੀ ਲੜਾਈ ਹੈ ਇਸ ਲਈ ਇਹ ਲੜਾਈ ਵੀ ਦਿੱਲੀ ਮੋਰਚੇ ਵਾਂਗ ਦਮ ਰੱਖ ਕੇ ਲੜਨੀ ਪਵੇਗੀ। ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਕਿਸਾਨ ਗੁਰਪ੍ਰੀਤ ਸਿੰਘ ਵੱਲੋਂ ਨਰਮੇ ਦੀ ਫਸਲ ਖ਼ਰਾਬ ਹੋਣ ਕਾਰਨ ਕੱਲ੍ਹ ਕੀਤੀ ਖੁਦਕਸ਼ੀ ਸਮੇਤ ਫ਼ਸਲ ਦੇ ਖ਼ਰਾਬੇ ਕਾਰਨ ਹੋਰ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਤੇ ਦੁੱਖ ਜਾਹਰ ਕਰਦਿਆਂ ਕਿਸਾਨਾਂ ਮਜਦੂਰਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਮੈਦਾਨਾਂ ਵਿਚ ਆਉਣ ਤਾਂ ਕਿ ਆਪਾਂ ਆਪਣੇ ਆਉਣ ਵਾਲੇ ਭਵਿੱਖ ਨੂੰ ਸੰਵਾਰ ਸਕੀਏ। ਉਨ੍ਹਾਂ ਦੱਸਿਆ ਕਿ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐਤਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸੂਬਾ ਕਮੇਟੀ ਵੱਲੋਂ ਮੀਟਿੰਗ ਕੀਤੀ ਜਾਵੇਗੀ ।
Total Responses : 108