ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਬੈਠਕ ਚ ਨਵ ਨਿਯੁਕਤ ਕੋਆਰਡੀਨੇਟਰ ਜਸਟਿਸ ਨਿਰਮਲ ਸਿੰਘ ਦਾ ਸਨਮਾਨ ਕੀਤਾ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 23 ਅਕਤੂਬਰ 2021: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿ਼ਲ੍ਹਾ ਪਟਿਆਲਾ ਦੇ ਆਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਟਿਆਲਾ ਦੇ ਕੋਆਰਡੀਨੇਟਰ ਜਸਟਿਸ (ਰਿਟਾ) ਨਿਰਮਲ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਇਸਤਰੀ ਅਤੇ ਯੂਥ ਵਿੰਗ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਪਟਿਆਲਾ ਦੇ ਨਵ-ਨਿਯੁਕਤ ਕੋਆਰਡੀਨੇਟਰ ਜਸਟਿਸ ਨਿਰਮਲ ਸਿੰਘ ਦਾ ਸਿਰਪਾਓ ਪਾ ਕੇ ਸਵਾਗਤ ਕੀਤਾ ਗਿਆ।
ਇਸ ਦੌਰਾਨ ਜਸਟਿਸ ਨਿਰਮਲ ਸਿੰਘ ਨੇ ਪਾਰਟੀ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਵਾਇਤੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਜਿ਼ਲ੍ਹੇ ਵਿੱਚ ਬੂਥ ਪੱਧਰ ਤੱਕ ਦਾ ਜਥੇਬੰਦਕ ਢਾਂਚਾ ਮਜਬੂਤ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ `ਤੇ ਬੋਲਦਿਆਂ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆ ਕਾਰਨ ਅੱਜ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਣੇ ਦੇਸ਼ ਦੇ ਜਿ਼ਆਦਾਤਰ ਰਾਜਾਂ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ `ਤੇ ਪਹੁੰਚ ਗਈਆਂ ਹਨ ਉੱਥੇ ਹੀ ਪੰਜਾਬ ਸਮੇਤ ਹੋਰ ਰਾਜਾਂ ਦੀਆਂ ਸਰਕਾਰਾਂ ਦੇ ਪੱਧਰ `ਤੇ ਇਸ ਨੂੰ ਘੱਟ ਕਰਨ ਨੂੰ ਲੈ ਕੇ ਕੋਈ ਕਦਮ ਨਹੀ ਚੁੱਕੇ ਜਾ ਰਹੇ ਹਨ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਕੇ ਪਿਛਲੇ ਸਾਢੇ ਚਾਰ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕੁਰਸੀ ਦੀ ਜੰਗ ਚੱਲ ਰਹੀ ਹੈ। ਸੂਬਾ ਸਰਕਾਰ ਕੋਲੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਸਮਾਂ ਨਹੀ ਹੈ। ਇਸ ਕਰਕੇ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਇੱਕ ਉਮੀਦ ਦੀ ਕਿਰਨ ਦੇ ਰੂਪ ਵਿੱਚ ਵੇਖ ਰਹੇ ਹਨ ਅਤੇ ਪਾਰਟੀ ਉਨ੍ਹਾਂ ਦੀਆਂ ਉਮੀਦਾਂ `ਤੇ ਖਰਾ ਉਤਰ ਕੇ ਵਿਖਾਵੇਗੀ।
ਇਸ ਦੌਰਾਨ ਜਿ਼ਲ੍ਹਾ ਪ੍ਰਧਾਨ ਪਟਿਆਲਾ ਸ: ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਖਿੱਚੋਤਾਣ ਜਾਰੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਬੜੀ ਉਮੀਦ ਭਰੀ ਨਜ਼ਰਾਂ ਨਾਲ ਵੇਖ ਰਹੇ ਸਨ ਕਿ ਉਹ ਹੁਣ ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਦੇਣਗੇ ਪਰ ਅਫ਼ਸੋਸ ਚੰਨੀ ਸਰਕਾਰ ਵਿੱਚ ਵੀ ਉਸੇ ਤਰ੍ਹਾਂ ਕਾਟੋ-ਕਲੇਸ਼ ਜਾਰੀ ਹੈ। ਸ: ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਘਟਨਾਕ੍ਰਮ ਸੂਬੇ ਦੇ ਲੋਕਾਂ ਦਾ ਮੁੱਦਿਆਂ ਤੋਂ ਭਟਕਾਉਣ ਦੀ ਡੂੰਘੀ ਸਾਜਿਸ਼ ਹੈ। ਅੱਜ ਦੀ ਮੀਟਿੰਗ ਵਿੱਚ ਸੀਨੀਅਰ ਆਗੂ, ਸ: ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਸਵਰਾਜ ਕੌਰ ਘੁੰਮਣ, ਬੀਬੀ ਅਨੁਪਿੰਦਰ ਕੌਰ ਸੰਧੂ, ਬੀਬੀ ਦੇਵ ਪ੍ਰੀਆ, ਸ: ਕਸ਼ਮੀਰ ਸਿੰਘ ਮਾਵੀ, ਸ: ਗੁਰਬਚਨ ਸਿੰਘ ਨਾਨੋਕੀ, ਸ: ਪ੍ਰਿਤਪਾਲ ਸਿੰਘ ਕਾਕੜੀਆ, ਸ: ਨਾਹਰ ਸਿੰਘ, ਸ: ਕਰਮਜੀਤ ਸਿੰਘ ਪਿ੍ਰੰਸ, ਸ: ਰਣਧੀਰ ਸਿੰਘ ਨਲੀਨਾ, ਸ: ਹਰਮਨਜੀਤ ਸਿੰਘ ਰਾਜਪੁਰਾ, ਸ: ਜਗਰੂਪ ਸਿੰਘ ਚਿੰਮਾ, ਸ: ਮਨਿੰਦਰਪਾਲ ਸਿੰਘ, ਸ: ਮਨਜੀਤ ਸਿੰਘ ਮਲਵਾਲ, ਸ: ਰਵਿੰਦਰ ਸਿੰਘ ਸ਼ਾਹਪੁਰ, ਸ: ਸੁਖਜਿੰਦਰ ਸਿੰਘ ਮਾਵੀ, ਸ: ਸੁੱਚਾ ਸਿੰਘ ਸ਼ਾਂਹਪੁਰ ਅਤੇ ਸ: ਅਜਾਇਬ ਸਿੰਘ ਪਟਵਾਰੀ ਆਦਿ ਮੌਜੂਦ ਸਨ।