ਆਪਣੀਆਂ ਮੰਗਾਂ ਲਈ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,23ਅਕਤੂਬਰ2021: ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਹਕੂਮਤ ਚਲਾਉਣ ਵਾਲਿਆਂ ਦੀ ਆਤਮਾ ਨੂੰ ਜਗਾਉਣ ਲਈ ਵਿਧਾਇਕਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਭੁੱਖ ਹੜਤਾਲ ਕੀਤੀ। ਆਗੂਆਂ ਨੇ ਵਿਧਾਇਕਾਂ ਦੇ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ। ਬਠਿੰਡਾ ’ਚ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤਹਿਤ ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ ਤੇ ਜਸਵੀਰ ਕੌਰ ਬਠਿੰਡਾ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਸਾਹਮਣੇ ਅਤੇ ਗੁਰਮੀਤ ਕੌਰ ਗੋਨਿਆਣਾ ਦੀ ਅਗਵਾਈ ਹੇਠ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਘਰ ਅੱਗੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭੁੱਖ ਹੜਤਾਲ ਰੱਖੀ ਅਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ।
ਇਸ ਮੌਕੇ ਜਥੇਬੰਦੀ ਦੀਆਂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਬਹੁਤ ਧਰਨੇ ਅਤੇ ਮੁਜ਼ਾਹਰੇ ਕੀਤੇ ਹਨ ਪਰ ਇਸ ਦੇ ਬਾਵਜੂਦ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਕਰਕੇ ਹੁਣ ਕਾਂਗਰਸੀ ਵਿਧਾਇਕਾਂ ਦੀ ਆਤਮਾ ਨੂੰ ਜਗਾਉਣ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਤੋਂ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰਾਂ ਨੂੰ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ, ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ‘ਤੇ ਮਾਣ ਭੱਤਾ ਦਿੱਤਾ ਜਾਵੇ, ਆਂਗਨਵਾੜੀ ਸੈਂਟਰਾਂ ਦੇ ਲਾਭ ਪਾਤਰੀਆਂ ਨੂੰ ਰਾਸ਼ਨ ਪਹਿਲਾਂ ਵਾਂਗ ਹੀ ਸੈਂਟਰਾਂ ਵਿਚ ਦਿੱਤਾ ਜਾਵੇ ਤੇ ਠੇਕਾਦਾਰੀ ਸਿਸਟਮ ਬੰਦ ਕੀਤਾ ਜਾਵੇ।
ਇਸ ਮੌਕੇ ਮਨਪ੍ਰੀਤ ਕੌਰ ਸਿਵੀਆਂ, ਵੀਰਪਾਲ ਕੌਰ ਸਿਵੀਆਂ, ਰਾਜ ਕੌਰ ਦਿਓਣ, ਬਲਬੀਰ ਕੌਰ ਭੋਖੜਾ, ਵੀਰਪਾਲ ਕੌਰ ਨੇਹੀਆਂਵਾਲਾ ਆਦਿ ਹਾਜਰ ਸਨ। ਇਸੇ ਤਰ੍ਹਾਂ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਘਰ ਅੱਗੇ Ç ਭੁੱਖ ਹੜਤਾਲ ਰੱਖੀ ਤੇ ਉਥੇ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਸਮੇਂ ਲਾਭ ਕੌਰ ਸੰਗਤ, ਪਰਮਜੀਤ ਕੌਰ ਰੁਲਦੁਵਾਲਾ, ਰੀਤਾ ਰਾਣੀ ਮੌੜ, ਬਿਮਲਾ ਦੇਵੀ, ਕਿਰਪਾਲ ਕੌਰ ਰਾਮਪੁਰਾ, ਕਮਲ ਕੁਮਾਰੀ, ਜਸਵਿੰਦਰ ਕੌਰ ਨਥਾਣਾ, ਮਹਿੰਦਰ ਕੌਰ ਤਲਵੰਡੀ ਆਦਿ ਆਗੂ ਮੌਜੂਦ ਸਨ।