ਅਫਗਾਨਿਸਤਾਨ 'ਚ ਸਿੱਖਾਂ ਨੂੰ ਮਾਰੇ ਜਾਣ ਤੇ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ 'ਤੇ ਕੇਂਦਰ ਸਰਕਾਰ ਤੁਰੰਤ ਦਖ਼ਲ ਦੇਵੇ : ਪ੍ਰੋ. ਬਡੂੰਗਰ
ਜਗਤਾਰ ਸਿੰਘ
- ਸਦੀਆਂ ਤੋਂ ਵਸ ਰਹੇ ਸਿੱਖਾਂ ਦੀ ਜਾਨ ਮਾਲ ਦੀ ਕੀਤੀ ਜਾਵੇ ਹਿਫ਼ਾਜ਼ਤ
ਪਟਿਆਲਾ 24 ਅਕਤੂਬਰ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਵਸਦੀਆਂ ਘੱਟ ਗਿਣਤੀਆਂ ਖਾਸ ਕਰ ਸਿੱਖ ਕੌਮ ਨਾਲ ਸਬੰਧਤ ਸਦੀਆਂ ਤੋਂ ਵੱਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਆਪਣੇ ਕੂਟਨੀਤਕ ਸਾਧਨਾ ਰਾਹੀਂ ਅਫ਼ਗਾਨਿਸਤਾਨ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ ।
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨੀਆਂ ਦੀ ਸੱਤਾ ਕਾਇਮ ਹੋਣ ਤੋਂ ਬਾਅਦ ਹੁਕਮਰਾਨ ਨੇਤਾਵਾਂ ਨੇ ਸਾਰੇ ਦੇਸ਼ਾਂ ਅਤੇ ਕੌਮਾਂ ਦੀ ਮਾਨਤਾ ਹਾਸਲ ਕਰਨ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਦਾਅਵਾ ਕੀਤਾ ਸੀ, ਪ੍ਰੰਤੂ ਹੁਣ ਉੱਥੇ ਵਸਦੀਆਂ ਘੱਟ-ਗਿਣਤੀਆਂ ਕੌਮਾਂ ਨੂੰ ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖਾਂ ਨੂੰ ਉਥੋਂ ਜਬਰੀ ਤੌਰ ਤੇ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤੇ ਆਪਣੇ ਤਾਨਾਸ਼ਾਹੀ ਰਵੱਈਏ ਕਾਰਨ ਉਨ੍ਹਾਂ ਨੂੰ ਜ਼ਬਰੀ ਇਸਲਾਮ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਤੇ ਤਾਲਿਬਾਨੀਆਂ ਵੱਲੋਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ, ਤੇ ਅਜਿਹੀ ਸਥਿਤੀ ਵਿੱਚ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਘੱਟ-ਗਿਣਤੀਆਂ ਉੱਪਰ ਖ਼ਤਰੇ ਹੋਰ ਵਧਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਤਾਲਿਬਾਨੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬਾਨਾਂ ਤੇ ਵੀ ਹਮਲੇ ਕਰਕੇ, ਜਿੱਥੇ ਧਾਰਮਿਕ ਅਸਥਾਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ, ਉੱਥੇ ਹੀ ਸਿੱਖਾਂ ਨੂੰ ਜ਼ਬਰੀ ਤੌਰ ਤੇ ਬੰਦੀ ਬਣਾ ਕੇ ਕਤਲ ਵੀ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਤਾਲਿਬਾਨੀਆਂ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਹੋਇਆਂ ਸਿੱਖਾਂ ਨੂੰ ਉਥੋਂ ਜਬਰੀ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਯੋਗ ਨਹੀਂ ਹੈ ।
ਉਨ੍ਹਾਂ ਕਿਹਾ ਕਿ ਤਾਲਿਬਾਨੀਆਂ ਦੇ 15 ਅਗਸਤ ਤੋਂ ਅਫ਼ਗਾਨਿਸਤਾਨ ਉੱਪਰ ਕਬਜ਼ੇ ਤੋਂ ਬਾਅਦ ਅਣ-ਗਿਣਤ ਸਿੱਖ ਤਾਲਿਬਾਨੀਆਂ ਦੀ ਦਹਿਸ਼ਤ ਤੋਂ ਤੰਗ ਆ ਕੇ ਉਥੋਂ ਛੱਡ ਕੇ ਚਲੇ ਗਏ ਹਨ, ਕਿਉਂਕਿ ਸਦੀਆਂ ਤੋਂ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੋਈ ਯੋਗ ਉਪਰਾਲੇ ਨਹੀਂ ਕੀਤੇ ਗਏ ।