ਅਮਰੀਕਾ 'ਚ ਮਸ਼ਹੂਰ ਕਲਾਕਾਰ ਪਿਕਾਸੋ ਦੀਆਂ ਕਲਾਕ੍ਰਿਤੀਆਂ 109 ਮਿਲੀਅਨ ਡਾਲਰ 'ਚ ਵਿਕੀਆਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 25 ਅਕਤੂਬਰ 2021 - ਦੁਨੀਆਂ ਭਰ ਵਿੱਚ ਮਸ਼ਹੂਰ ਮਰਹੂਮ ਕਲਾਕਾਰ ਪਾਬਲੋ ਪਿਕਾਸੋ ਦੁਆਰਾ ਬਣਾਈਆਂ ਤਕਰੀਬਨ 11 ਕਲਾਕ੍ਰਿਤੀਆਂ ਲਾਸ ਵੇਗਸ ਵਿੱਚ ਇੱਕ ਨਿਲਾਮੀ 'ਚ 109 ਮਿਲੀਅਨ ਡਾਲਰ ਵਿੱਚ ਵੇਚੀਆਂ ਗਈਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ਵਿੱਚ 1917 ਤੋਂ 1938 ਤੱਕ ਬਣੀਆਂ 9 ਪੇਂਟਿੰਗਜ਼ ਅਤੇ ਦੋ ਆਰਟ ਵਰਕ ਨਾਲ ਸਬੰਧਿਤ ਵਸਤਾਂ ਸਨ ਜੋ ਇਸ ਤੋਂ ਪਹਿਲਾਂ ਪਿਛਲੇ 20 ਸਾਲਾਂ ਤੋਂ ਬੇਲਾਜੀਓ ਗੈਲਰੀ ਆਫ਼ ਫਾਈਨ ਆਰਟਸ ਵਿੱਚ ਪ੍ਰਦਰਸ਼ਿਤ ਹੋਏ ਸਨ। ਸ਼ਨੀਵਾਰ ਦੀ ਇਹ 45 ਮਿੰਟ ਤੱਕ ਚੱਲੀ ਨਿਲਾਮੀ ਸੋਥਬੀ ਦੁਆਰਾ ਆਯੋਜਿਤ ਕੀਤੀ ਗਈ ਸੀ ,ਜਿਸ ਵਿੱਚ ਲਗਭਗ 150 ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਸਭ ਤੋਂ ਮਹਿੰਗੀ ਵਿਕੀ ਪੇਟਿੰਗ 1938 ਦੀ ਪੇਂਟਿੰਗ "ਫੇਮੇ ਔ ਬੇਰੇਟ ਰੂਜ-ਔਰੇਂਜ" ਸੀ। ਇਸ ਪੇਂਟਿੰਗ ਨੂੰ ਨਿਲਾਮੀ ਵਿੱਚ 40.5 ਮਿਲੀਅਨ ਡਾਲਰ ਮਿਲੇ। ਇਹ ਪੇਂਟਿੰਗ ਆਖਰੀ ਵਾਰ 1980 ਦੇ ਦਹਾਕੇ ਵਿੱਚ ਨਿਲਾਮੀ ਵਿੱਚ 900,000 ਵਿੱਚ ਵੇਚੀ ਗਈ ਸੀ।
ਇਸਦੇ ਇਲਾਵਾ ਪਿਕਾਸੋ ਦੁਆਰਾ ਵਿਸ਼ਵ ਯੁੱਧ 2 ਸਮੇਂ ਪੇਂਟ ਕੀਤੇ ਗਏ "ਨੇਚਰ ਮੌਰਟੇ ਅਕਸ ਫਲੇਅਰਸ ਐਟ ਕੰਪੋਟੀਅਰ" ਅਤੇ "ਨੇਚਰ ਮੌਰਟੇ ਏਉ ਪਨੀਅਰ ਡੀ ਫਰੂਟਸ ਐਟ ਅਕਸ ਫੁੱਲਸ" ਸ਼ਾਮਲ ਹਨ, ਜੋ 8.3 ਮਿਲੀਅਨ ਡਾਲਰ ਅਤੇ 16.6 ਡਾਲਰ ਵਿੱਚ ਵਿਕੇ। ਪਿਕਾਸੋ, ਜੋ 1881-1973 ਤੱਕ ਇਸ ਦੁਨੀਆਂ 'ਤੇ ਰਿਹਾ ਦੁਆਰਾ ਆਪਣੇ ਸੱਤ ਦਹਾਕਿਆਂ ਦੇ ਕਰੀਅਰ ਦੌਰਾਨ 13,000 ਤੋਂ ਵੱਧ ਕਲਾਕ੍ਰਿਤੀਆਂ ਨੂੰ ਪੇਂਟ ਕੀਤੇ ਹੋਣ ਦਾ ਅੰਦਾਜ਼ਾ ਹੈ।