ਸਰਕਾਰੀ ਸਕੂਲਜ ਗਜਟਿਡ ਆਫੀਸਰਜ਼ ਐਸੋਸੀਏਸ਼ਨ ਵੱਲੋਂ ਕਦੋਂ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ 16 ਨਵੰਬਰ 2021- ਸਰਕਾਰੀ ਸਕੂਲਜ ਗਜਟਿਡ ਆਫੀਸਰਜ਼ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਤੇ ਸਿੱਖਿਆ ਅਧਿਕਾਰੀਆਂ ਵੱਲੋਂ ਧਾਰਨ ਕੀਤੇ ਅੜੀਅਲ ਰਵੱਈਏ ਕਾਰਣ ਸੰਘਰਸ਼ ਨੂੰ ਤੇਜ ਕਰਦਿਆਂ 24 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਮੋਰਿੰਡਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਐਸੋਸੀਏਸ਼ਨ ਵਲੋਂ ਇਹ ਫੈਸਲਾ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ: ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਸ: ਹਰਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ,ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ 14 ਸਤੰਬਰ ਨੂੰ ਮੈਮੋਰੈਂਡਮ ਭੇਜ ਕੇ ਸਿੱਖਿਆ ਅਧਿਕਾਰੀਆਂ ਦੀਆਂ ਮੰਗਾਂ ਮੰਨਣ ਦੀ ਬੇਨਤੀ ਕੀਤੀ ਸੀ ਪਰੰਤੂ ਸਰਕਾਰ ਵੱਲੋਂ ਮੰਗਾਂ ਮੰਨਣੀਆਂ ਤਾਂ ਦੂਰ,ਕਿਸੇ ਵੀ ਅਧਿਕਾਰੀ ਨੇ ਮੁਲਾਕਾਤ ਦਾ ਸਮਾਂ ਦੇਣਾ ਵੀ ਜਰੂਰੀ ਨਹੀਂ ਸਮਝਿਆ,ਜਿਸ ਕਾਰਨ ਸਮੂਹ ਸਿੱਖਿਆ ਅਧਿਕਾਰੀਆਂ ਵਿੱਚ ਸਰਕਾਰ ਪ੍ਤੀ ਭਾਰੀ ਰੋਸ ਹੈ ।ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਮੁੱਚੇ ਮੁਲਾਜਮਾਂ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਸਕੂਲ ਪ੍ਰਿੰਸੀਪਲਾਂ/ਡੀਈਓਜ/ਸਹਾਇਕ ਡਾਇਰੈਕਟਰਾਂ ਦੇ ਤਨਖਾਹ ਸਕੇਲਾਂ ਵਿੱਚ ਪੰਜਾਬ ਦੇ ਪੰਜਵੇਂ ਤਨਖਾਹ ਕਮਿਸ਼ਨ ਨੇ ਵੀ ਕੋਈ ਸੋਧ ਨਹੀਂ ਕੀਤੀ, ਅਤੇ ਇਨ੍ਹਾਂ ਅਧਿਕਾਰੀਆਂ ਨੂੰ 2006 ਵਿੱਚ 6600/- ਗਰੇਡ ਪੇ ਦਿੱਤੀ ਗਈ ਜਦਕਿ ਕੇਂਦਰ ਸਰਕਾਰ ਵੱਲੋਂ ਇਸ ਕੇਡਰ ਦੇ ਅਧਿਕਾਰੀਆਂ ਨੂੰ 7600/- ਗਰੇਡ ਪੇ ਦਿੱਤੀ ਜਾਂਦੀ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਲ 2011 ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਦੇ ਸਕੇਲ ਸੋਧੇ ਗਏ ਪਰੰਤੂ ਪੀਈਐਸ ਕੇਡਰ ਦੇ ਅਧਿਕਾਰੀਆਂ ਦੇ ਗਰੇਡ ਪੇ ਵਿੱਚ ਕੋਈ ਸੋਧ ਨਹੀਂ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ 4-9-14 ਸਾਲਾਂ ਏਸੀਪੀ ਸਕੀਮ ਤਹਿਤ ਅਗਲੇ ਗਰੇਡ ਪੇ ਵਿੱਚ ਤਨਖਾਹ ਫਿਕਸ ਕਰਨ ਦੀਆਂ ਹਿਦਾਇਤਾਂ ਅਨੁਸਾਰ ਇਸ ਕੇਡਰ ਨੂੰ 4 ਸਾਲਾਂ ਬਾਦ 7400/-, 9 ਸਾਲਾਂ ਬਾਦ 7600/- ਅਤੇ 14 ਸਾਲਾਂ ਬਾਦ 7800/- ਗਰੇਡ ਪੇ ਦੇਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਿਸ ਅਨੁਸਾਰ ਬਹੁਤ ਸਾਰੇ ਅਧਿਕਾਰੀਆਂ ਨੂੰ 7400/- ਤੇ 7600/- ਗਰੇਡ ਪੇ ਮਿਲੀ ਵੀ ਅਤੇ ਉਹ ਪੈਨਸ਼ਨਾਂ ਵੀ ਇਸੇ ਅਨੁਸਾਰ ਲੈ ਰਹੇ ਹਨ। ਪਰੰਤੂ ਸਿੱਖਿਆ ਅਧਿਕਾਰੀਆਂ ਨੇ ਸਾਲ 2015 ਵਿੱਚ ਇਹ ਸਕੀਮ ਸਿਰਫ ਇੱਕ ਇਨਕਰੀਮੈਂਟ ਤੱਕ ਸੀਮਿਤ ਕਰ ਦਿੱਤਾ ।ਜਿਸ ਕਾਰਣ ਸਕੂਲ ਪ੍ਰਿੰਸੀਪਲਾਂ/ ਜਿਲਾ ਸਿੱਖਿਆ ਅਧਿਕਾਰੀਆਂ ਅਤੇ ਸਹਾਇਕ ਡਾਇਰੈਕਟਰਾਂ ਦੀਆਂ ਤਨਖਾਹਾਂ ਬਿਹਾਰ ਵਰਗੇ ਸੂਬੇ ਦੇ ਪ੍ਰਿੰਸੀਪਲਾਂ ਤੋਂ ਵੀ ਘੱਟ ਰਹਿ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ 14 ਸਤੰਬਰ ਨੂੰ ਇੱਕ ਮੈਮੋਰੈਂਡਮ ਭੇਜ ਕੇ ਮੰਗ ਕੀਤੀ ਸੀ ਕਿ ਸਾਲ 2006 ਤੋ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਬਰਾਬਰ 7600/- ਗਰੇਡ ਪੇ ਦੇ ਕੇ ਸਾਲ 2016 ਤੋ 7600/-ਗਰੇਡ ਪੇ ਅਨੁਸਾਰ ਤਨਖਾਹ ਫਿਕਸ ਕੀਤੀ ਜਾਵੇ।ਪਰੰਤੂ ਕਿਸੇ ਵੀ ਅਧਿਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਣ ਐਸੋਸੀਏਸ਼ਨ ਨੂੰ 24 ਨਵੰਬਰ ਨੂੰ ਮੋਰਿੰਡਾ ਵਿਖੇ ਰੋਸ ਪ੍ਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਮੀਟਿੰਗ ਵਿੱਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਪ੍ਰਿੰਸੀਪਲਾਂ, ਜਿਲਾ ਸਿੱਖਿਆ ਅਫਸਰਾਂ ਤੇ ਸਹਾਇਕ ਡਾਇਰੈਕਟਰਾਂ ਨੂੰ 24 ਨਵੰਬਰ ਨੂੰ ਮੋਰਿੰਡਾ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਸ੍ਰੀ ਗਰੀਸ਼ ਕੁਮਾਰ, ਸ੍ਰੀ ਦਵਿੰਦਰ ਸਿੰਘ, ਬੂਟਾ ਸਿੰਘ, ਲਖਵੀਰ ਸਿੰਘ ਗਿੱਲ, ਜਗਦੀਸ਼ ਸਿੰਘ, ਗੁਰਚਰਨ ਸਿੰਘ, ਰਜੇਸ਼ ਕੁਮਾਰ ਡੀਈਓ ਤਰਨਤਾਰਨ, ਸ: ਧੰਨਾ ਸਿੰਘ ਦਿਓਲ, ਸਾਬਕਾ ਡੀਈਓ ਫਰੀਦਕੋਟ, ਸ੍ਰੀ ਅਨਿਲ ਕੁਮਾਰ ਡਿਪਟੀ ਡੀਈਓ ਲੁਧਿਆਣਾ ਆਦਿ ਹਾਜਰ ਸਨ।