ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਰਵਾਨਾ ਹੋਏ ਕਿਸਾਨਾਂ ਦੇ ਜੱਥੇ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ 25 ਨਵੰਬਰ 2021- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਭਲਕੇ 26 ਨਵੰਬਰ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਦਿੱਲੀ ਵਿਖੇ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ। ਇਸੇ ਸਿਲਸਿਲੇ ਤਹਿਤ ਬਰਨਾਲਾ ਜਿਲ੍ਹੇ ਦੇ ਬਡਬਰ ਟੌਲ ਪਲਾਜ਼ਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਕਿਸਾਨਾਂ ਨੇ ਬੱਸਾਂ, ਗੱਡੀਆ, ਟਰੱਕ ਅਤੇ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਨੂੰ ਚਾਲੇ ਪਾਏ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲੈਣਾ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਹੈ। ਇਹ ਜਿੱਤ ਇਕੱਲੇ ਕਿਸਾਨਾਂ ਦੀ ਜਿੱਤ ਨਹੀਂ, ਬਲਕਿ ਇਸ ਅੰਦੋਲਨ ਦੌਰਾਨ ਸਹਿਯੋਗ ਦੇਣ ਵਾਲੇ ਹਰ ਵਰਗ ਦੀ ਜਿੱਤ ਹੈ। ਪ੍ਰੰਤੂ ਐਮਐਸਪੀ ਸਮੇਤ, ਕਿਸਾਨਾਂ ਤੇ ਦਰਜ਼ ਹੋਏ ਪਰਚੇ ਰੱਦ ਕਰਨ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਵਾਉਣ, ਬਿਜਲੀ ਸੋਧ ਬਿੱਲ ਵਾਪਸ ਕਰਵਾਉਣ, ਪ੍ਰਦੂਸ਼ਨ ਬਿੱਲ ਵਾਪਸ ਕਰਵਾਉਣ ਦੀਆਂ ਮੰਗਾਂ ਵੀ ਮਨਜ਼ੂਰ ਕਰਵਾਉਣੀਆਂ ਹਨ। ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਵਾਪਸ ਨਹੀਂ ਲਿਆ ਜਾਵੇਗਾ ਅਤੇ ਉਹਨਾਂ ਦਾ ਅੰਦੋਲਨ ਦਿੱਲੀ ਵਿਖੇ ਪਹਿਲਾਂ ਸੰਘਰਸ਼ ਜਾਰੀ ਰੱਖਣਗੇ।ਬਲੌਰ ਸਿੰਘ (ਬਲਾਕ ਪ੍ਰਧਾਨ ਬੀਕੇਯੂ ਉਗਰਾਹਾਂ),ਕ੍ਰਿਸ਼ਨ ਸਿੰਘ ਛੰਨਾ (ਬਲਾਕ ਆਗੂ ਬੀਕੇਯੂ ਊਗਰਾਹਾਂ),ਜਰਨੈਲ ਸਿੰਘ ਜਵੰਧਾ (ਆਗੂ ਬੀਕੇਯੂ ਉਗਰਾਹਾਂ)
ਚਮਕੌਰ ਸਿੰਘ ਨੈਣੇਵਾਲ (ਜਿ਼ਲ੍ਹਾ ਪ੍ਰਧਾਂਨ ਬੀਕੇਯੂ ਉਗਰਾਹਾਂ),ਸੁਖਚੈਨ ਸਿੰਘ (ਆਗੂ ਬੀਕੇਯੂ ਉਗਰਾਹਾਂ) ਮੌਜੂਦ ਸਨ।