ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਕੀਰਤਨ ਦਰਬਾਰ ਕਰਵਾਇਆ
ਬਾਬੂਸ਼ਾਹੀ ਨੈੱਟਵਰਕ
ਬੰਗਾ,26 ਨਵੰਬਰ 2021- ਅੱਜ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਅਲੌਕਿਕ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਅਲੱਗ ਅਲੱਗ ਸ਼ਬਦ ਗਾਇਨ ਕੀਤੇ। ਕੀਰਤਨ ਦਰਬਾਰ ਦੀ ਸ਼ੁਰੂਆਤ ਪਹਿਲੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਵਾਹਿਗੁਰੂ ਨਾਮ ਸਿਮਰਨ ਤੋਂ ਹੋਈ। ਇਸ ਉਪਰੰਤ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੇ ਤੇਗ਼ ਬਹਾਦਰ ਸਿਮਰੈ ਘਰ ਨਾਊ ਨਿਧਿ ਆਵੈ ਧਾਇ ਸ਼ਬਦ ਗਾਇਨ ਕੀਤਾ। ਮੇਰੇ ਪਰਮ ਪਿਤਾ ਪਰਮਾਤਮਾ ਸ਼ਬਦ ਨਾਲ ਚੋਥੀ ਕਲਾਸ ਦੇ ਵਿਦਿਆਰਥੀਆਂ ਨੇ ਪਰਮ ਪਿਤਾ ਪਰਮਾਤਮਾ ਦੀ ਉਸਤਤ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਨੇ ਸਾਂਝੀ ਕੀਤੀ। ਇਸ ਤੋਂ ਬਾਅਦ ਸੱਭ ਤੇ ਵੱਡਾ ਸਤਿਗੁਰ ਨਾਨਕ ਸ਼ਬਦ ਛੇਵੀਂ ਕਲਾਸ ਨੇ ਪੇਸ਼ ਕੀਤਾ।
ਸਕੂਲ ਦੀ ਅਧਿਆਪਕਾ ਮੀਨੂ ਜੀ ਅਤੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀ ਸਮਰੱਥਜਿਤ ਨੇ ਜੋ ਮਾਂਗੇ ਠਾਕੁਰ ਅਪਨੇ ਤੇ ਸ਼ਬਦ ਨਾਲ ਸਟੇਜ ਤੇ ਆਪਣੀ ਹਾਜ਼ਰੀ ਲਗਵਾਈ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ ਸ਼ਬਦ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਰ ਕੋ ਨਾਮ ਸਦਾ ਸੁਖਦਾਈ ਅਤੇ ਵਾਰ ਭਾਈ ਬਚਿੱਤਰ ਸਿੰਘ ਜੀ ਗਾ ਕੇ ਵੀਰ ਰਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਭਾਵਿਕਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰੂ ਤੇਗ ਬਹਾਦਰ ਸਿਮਰੈ ਸ਼ਬਦ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਗਾਇਨ ਕੀਤਾ ਗਿਆ । ਇਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਜਸਪ੍ਰੀਤ ਕੌਰ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਜਲਾਨ ਜੀ ਨੇ ਸ਼ਬਦ ਗਾਇਨ ਨਾਲ ਸਟੇਜ ਤੇ ਹਾਜ਼ਰੀ ਲਗਵਾਈ। ਸਕੂਲ ਦੇ ਸੰਗੀਤ ਵਿਭਾਗ ਦੇ ਰਮਨਦੀਪ ਕੌਰ ਜੀ ਨੇ ਛੇ ਪੌੜੀਆਂ ਦਾ ਅਨੰਦ ਸਾਹਿਬ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਸਕੂਲ ਦੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਨੋਖੀ ਸ਼ਹਾਦਤ ਦੇ ਸੰਧਰਭ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣੇ ਧਰਮ ਕੌਮ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਸ਼੍ਰੀ ਨਰਿੰਦਰ ਜੈਨ ਜੀ ਨੇ ਸਾਰੇ ਵਿਦਿਆਰਥੀਆਂ ਅਧਿਆਪਕਾਂ ਅਤੇ ਸਮਾਗਮ ਵਿੱਚ ਸ਼ਾਮਲ ਸਾਰੀ ਸੰਗਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਅਰਦਾਸ ਹੋਈ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਸ਼ਾਦ ਸੰਗਤਾਂ ਨੂੰ ਵਰਤਾਇਆ ਗਿਆ। ਇਸ ਸਮਾਗਮ ਦਾ ਸਾਰਾ ਪ੍ਰਬੰਧ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਰਲ਼ ਕੇ ਕੀਤਾ। ਸਮਾਗਮ ਤੋਂ ਬਾਅਦ ਅਧਿਆਪਕ ਮਾਪੇ ਮਿਲਣੀ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ਼੍ਰੀ ਨਰਿੰਦਰ ਜੈਨ ਜੀ , ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੇ ਵਸੁਧਾ ਜੈਨ ਜੀ, ਸਕੂਲ ਮੈਨੇਜਰ ਸ਼੍ਰੀ ਕੇਸ਼ਵ ਜੈਨ ਜੀ, ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ, ਸਾਰੀ ਮੈਨੇਜ਼ਮੈਂਟ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਅਤੇ ਮਾਪੇ ਆਦਿ ਹਾਜ਼ਰ ਸਨ।