ਪਵਿੱਤਰ ਗ੍ਰੰਥ ਦੀ ਚੋਰੀ ਤੇ ਬੇਅਦਬੀ: ਡੇਰਾ ਸੱਚਾ ਸੌਦਾ ਦੇ ਪ੍ਰਧਾਨ ਤੇ ਮੈਨੇਜਰ ਪੇਸ਼ ਨਹੀਂ ਹੋਏ
ਦੀਪਕ ਗਰਗ
ਫਰੀਦਕੋਟ, 26 ਨਵੰਬਰ 2021 - ਪੰਜਾਬ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਸੰਮਨ ਜਾਰੀ ਕਰਨ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੇ ਅਧਿਕਾਰੀ ਪੇਸ਼ ਨਹੀਂ ਹੋਏ। ਡੇਰੇ ਦੇ ਪ੍ਰਬੰਧਕ ਪੀਆਰ ਨਯਨ ਵੱਲੋਂ ਮੈਡੀਕਲ ਭੇਜਿਆ ਗਿਆ ਹੈ, ਜਦੋਂ ਕਿ ਚੇਅਰਪਰਸਨ ਵਿਪਾਸਨਾ ਇੰਸਾ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹੁਣ ਐਸਆਈਟੀ ਵੱਲੋਂ ਉਨ੍ਹਾਂ ਨੂੰ ਤੀਜੀ ਵਾਰ ਸੰਮਨ ਜਾਰੀ ਕੀਤੇ ਜਾਣਗੇ। ਜੇਕਰ ਉਹ ਫਿਰ ਵੀ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਜਾ ਚੁੱਕਾ ਹੈ, ਜੇਕਰ ਉਹ ਨਹੀਂ ਆਏ ਤਾਂ ਪੁਲੀਸ ਨੂੰ ਕਾਰਵਾਈ ਕਰਨੀ ਪਵੇਗੀ।
ਦੱਸ ਦੇਈਏ ਕਿ ਵਿਸ਼ੇਸ਼ ਜਾਂਚ ਟੀਮ ਪੰਜਾਬ ਦੇ ਫਰੀਦਕੋਟ ਜਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਚੋਰੀ ਅਤੇ ਸਾਜ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਆਈਟੀ ਨੇ ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਮੈਨੇਜਰ ਡਾਕਟਰ ਪੀਆਰ ਨਯਨ ਨੂੰ ਤਲਬ ਕੀਤਾ ਸੀ ਅਤੇ ਉਨ੍ਹਾਂ ਨੇ ਅੱਜ ਆਈਜੀ ਦਫ਼ਤਰ ਵਿੱਚ ਪੇਸ਼ ਹੋਣਾ ਸੀ।
ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਤੋਂ 9 ਨਵੰਬਰ ਨੂੰ ਐਸਆਈਟੀ ਨੇ ਪੁੱਛਗਿੱਛ ਕੀਤੀ ਸੀ, ਜਿਸ ਵਿੱਚ ਡੇਰਾ ਮੁਖੀ ਨੇ ਬੇਅਦਬੀ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡੇਰੇ ਦੇ ਕੰਮਕਾਜ ਦੀ ਨਿਗਰਾਨੀ ਕਰਨ ਜਾਂ ਫ਼ੈਸਲੇ ਲੈਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
ਉਨ੍ਹਾਂ ਦੀ ਭੂਮਿਕਾ "ਸਤਿਸੰਗ" ਕਰਵਾਉਣ ਅਤੇ ਡੇਰਾ ਪੈਰੋਕਾਰਾਂ ਵਿਚ ਪ੍ਰਚਾਰ ਕਰਨ ਤੱਕ ਸੀਮਤ ਸੀ। ਇਸ ਲਈ ਐਸਆਈਟੀ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਅਗਲੀ ਜਾਂਚ ਲਈ ਚੇਅਰਪਰਸਨ ਅਤੇ ਮੈਨੇਜਰ ਨੂੰ ਤਲਬ ਕੀਤਾ ਹੈ। ਦੋਸ਼ ਹੈ ਕਿ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ 'ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਡੇਰਾ ਮੈਂਬਰਾਂ ਨੇ ਕਥਿਤ ਤੌਰ 'ਤੇ ਅੰਜਾਮ ਦਿੱਤਾ ਸੀ। ਇਸ ਦੇ ਆਧਾਰ 'ਤੇ ਡੇਰਾ ਮੁਖੀ ਨੂੰ ਜੁਲਾਈ 2020 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਖ ਦੋਸ਼ੀ ਬਣਾਇਆ ਗਿਆ ਸੀ।
ਨਵੰਬਰ ਦੇ ਸ਼ੁਰੂ ਵਿੱਚ, ਐਸਆਈਟੀ ਮੁਖੀ ਐਸਪੀਐਸ ਪਰਮਾਰ, ਐਸਐਸਪੀ ਮੁਖਵਿੰਦਰ ਭੁੱਲਰ ਨੇ ਸੁਨਾਰੀਆ ਜੇਲ੍ਹ ਵਿੱਚ ਕਤਲ ਅਤੇ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਡੇਰਾ ਮੁਖੀ ਨੇ ਪੁਲਿਸ ਨੂੰ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦਿੱਤੇ। ਉਨ੍ਹਾਂ ਵੱਲੋਂ ਡੇਰੇ ਦੇ ਕੰਮਕਾਜ ਸਬੰਧੀ ਫੈਸਲੇ ਪ੍ਰਬੰਧਕੀ ਕਮੇਟੀ ਵੱਲੋਂ ਲਏ ਜਾਣ ਬਾਰੇ ਦੱਸਣ ’ਤੇ ਡੇਰੇ ਦੀ ਪ੍ਰਬੰਧਕ ਕਮੇਟੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ।
ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਮਾਮਲਾ 1 ਜੁਲਾਈ 2015 ਦਾ ਹੈ। ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੋਂ 5 ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋ ਗਿਆ। ਇਸ ਤੋਂ ਬਾਅਦ 24 ਸਤੰਬਰ 2015 ਨੂੰ ਬਰਗਾੜੀ ਸਥਿਤ ਗੁਰਦੁਆਰੇ ਨੇੜੇ ਦੋ ਹੱਥ ਲਿਖਤ ਪੋਸਟਰ ਮਿਲੇ ਸਨ।
ਦੋਸ਼ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖੇ ਇਨ੍ਹਾਂ ਪੋਸਟਰਾਂ ਵਿੱਚ ਅਪਸ਼ਬਦ ਬੋਲੇ ਗਏ ਹਨ ਅਤੇ ਪਵਿੱਤਰ ਸਰੂਪਾਂ ਦੀ ਚੋਰੀ ਵਿੱਚ ਡੇਰਾ ਸੱਚਾ ਸੌਦਾ ਦਾ ਹੱਥ ਵੀ ਲਿਖਿਆ ਗਿਆ ਹੈ। 12 ਅਕਤੂਬਰ 2015 ਨੂੰ ਬੁਰਜ ਜਵਾਹਰ ਸਿੰਘਵਾਲਾ ਦੀਆਂ ਗਲੀਆਂ ਵਿੱਚ ਪਵਿੱਤਰ ਸਰੂਪ ਦੇ ਅੰਗ ਖਿੱਲਰੇ ਪਾਏ ਗਏ। 14 ਅਕਤੂਬਰ ਨੂੰ ਫਰੀਦਕੋਟ ਦੇ ਪਿੰਡ ਬਹਿਬਲਕਲਾਂ ਵਿੱਚ ਧਰਨਾ ਦੇ ਰਹੀ ਸੰਗਤ ਨੂੰ ਹਟਾਉਣ ਦੌਰਾਨ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸੇ ਦਿਨ ਕੋਟਕਪੂਰਾ ਵਿੱਚ ਧਰਨੇ ’ਤੇ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਗੋਲੀਆਂ ਚਲਾਈਆਂ।
ਪੁਲਿਸ ਨੇ ਸਾਲ 2015 ਵਿੱਚ ਬੁਰਜ ਜਵਾਹਰ ਸਿੰਘਵਾਲਾ ਤੋਂ ਪਵਿੱਤਰ ਸਰੂਪ ਚੋਰੀ ਕਰਨ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਵਿੱਚ ਗੋਲੀ ਚਲਾਉਣ ਸਬੰਧੀ 3 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਸਨ। ਪੰਜ ਡੇਰਾ ਪ੍ਰੇਮੀਆਂ ਰਣਦੀਪ ਸਿੰਘ ਉਰਫ ਨੀਲਾ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹੁਣ ਜ਼ਮਾਨਤ 'ਤੇ ਬਾਹਰ ਹਨ। ਡੇਰਾ ਸੱਚਾ ਸੌਦਾ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਅੱਜ ਤੱਕ ਇਨ੍ਹਾਂ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। 6 ਜੁਲਾਈ 2019 ਨੂੰ ਬੁਰਜ ਜਵਾਹਰ ਸਿੰਘਵਾਲਾ ਤੋਂ ਪਵਿੱਤਰ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਬਾਜਾਖਾਨਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ-62 ਵਿੱਚ ਡੇਰਾ ਮੁਖੀ ਦਾ ਨਾਮ ਦਰਜ ਕੀਤਾ ਗਿਆ ਸੀ ਅਤੇ ਹੁਣ ਇਸੇ ਮਾਮਲੇ ਵਿੱਚ ਡੇਰਾ ਮੁਖੀ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ।
ਸਾਲ 2015 ਵਿੱਚ ਬੇਅਦਬੀ ਦਾ ਮਾਮਲਾ ਗਰਮ ਹੋ ਗਿਆ ਸੀ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਬਣ ਗਿਆ ਸੀ। ਹੁਣ ਤੱਕ ਸੀਬੀਆਈ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਤਿੰਨ ਵੱਖ-ਵੱਖ ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਚੁੱਕੀਆਂ ਹਨ, ਪਰ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀਆਂ ਦੇ ਨਾਂ ਸਾਹਮਣੇ ਨਹੀਂ ਆਏ ਹਨ। ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਲਈ ਇਸ ਮਾਮਲੇ 'ਚ ਪਹਿਲੀ ਵਾਰ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ।