ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ, ਕਾਰ ਦੇ ਪਰਖਚੇ ਉੱਡੇ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 27 ਨਵੰਬਰ 2021: ਪੁਲਿਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਚਿੱਬੜਾਂ ਵਾਲੀ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਚੱਕ ਸ਼ੇਰੇਵਾਲਾ ਦੇ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਕਾਰ ਦੇ ਪਰਖਚੇ ਉੱਡ ਗਏ। ਹਾਦਸੇ ਵਾਲੀ ਥਾਂ ਤੇ ਖਲੋਤੇ ਕੁੱਝ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਗ੍ਰਸਤ ਕਾਰ ਇੱਕ ਦਰਖਤ ਨਾਲ ਟਕਰਾਈ ਹੈ ਜਿਸ ਕਾਰਨ ਗੰਭੀਰ ਰੂਪ ’ਚ ਜਖਮੀ ਹੋਇਆ ਨੌਜਵਾਨ ਜਸਕੀਰਤ ਸਿੰਘ ਪੁੱਤਰ ਦਿਲਬਾਗ ਸਿੰਘ (24 ਸਾਲ) ਵਾਸੀ ਚੱਕ ਸ਼ੇਰੇਵਾਲਾ ਮੌਕੇ ਤੇ ਹੀ ਦਮ ਤੋੜ ਗਿਆ।
ਜਸਕੀਰਤ ਸਿੰਘ ਰਾਤ ਵੇਲੇ ਆਪਣੀ ਕਾਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਚੱਕ ਸ਼ੇਰੇਵਾਲਾ ਨੂੰ ਪਰਤ ਰਿਹਾ ਸੀ । ਰਾਤ ਨੂੰ 8-30 ਵਜੇ ਇਹ ਹਾਦਸਾ ਵਾਪਰਿਆ ਅਤੇ ਕਾਰ ਕਿੱਕਰ ਦੇ ਦਰਖ਼ਤ ਨਾਲ ਜਾ ਟਕਰਾਈ । ਪਤਾ ਲੱਗਿਆ ਹੈ ਕਿ ਜਸਕੀਰਤ ਸਿੰਘ ਦੀ ਮੌਤ ਦਾ ਕਾਰਨ ਗੰਭੀਰ ਚੋਟਾਂ ਅਤੇ ਧੌਣ ਦਾ ਮਣਕਾ ਟੁੱਟਣਾ ਹੈ। ਜਾਣਕਾਰੀ ਅਨੁਸਾਰ ਜਸਕੀਰਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਅਜੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਨੌਜਵਾਨ ਦੀ ਇਸ ਦਿਲ ਕੰਬਾਊ ਮੌਤ ਕਾਰਨ ਪਿੰਡ ਚੱਕ ਸ਼ੇਰੇ ਵਾਲਾ ’ਚ ਸੋਗ ਦਾ ਮਹੌਲ ਹੈ।