ਟਾਵਰ ਤੇ ਬੈਠੇ ਅਧਿਆਪਕ ਨੇ ਪੰਜਾਬ ਸਰਕਾਰ ਨੂੰ ਕੀ ਦਿੱਤੀ ‘ਧਮਕੀ’, ਪੜ੍ਹੋ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 29 ਨਵੰਬਰ2021: ਆਪਣੀ ਨੌਕਰੀ ਨਾਲ ਹੋਏ ਵਿਤਕਰੇ ਨੂੰ ਦੂਰ ਕਰਵਾਉਣ ਖਾਤਰ ਆਪਣੇ ਨਿਆਣਿਆਂ ਨੂੰ ਛੱਡ ਕੇ ਇੱਥੇ ਪੰਜਾਬ ਭਵਨ ਦੇ ਨਜ਼ਦੀਕ ਮੋਬਾਈਲ ਟਾਵਰ ’ਤੇ ਚੜ੍ਹੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਦਾਦਰੀ ਦੇ ਵਸਨੀਕ ਈ ਟੀ ਟੀ ਅਧਿਆਪਕ ਸੋਹਣ ਸਿੰਘ ਨੇ ਪੰਜਾਬ ਸਰਕਾਰ ਦੀ ਅੜੀ ਅੱਗੇ ਅੱਜ ਤੀਜੇ ਦਿਨ ਵੀ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਟਾਵਰ ਉਪਰੋਂ ਉਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਮੁਤਾਬਕ ਉਨ੍ਹਾਂ ਦਾ ਮਸਲਾ ਹੱਲ ਨਾਂ ਕੀਤਾ ਤਾਂ ਉਹ ਆਤਮਹੱਤਿਆ ਵੀ ਕਰ ਸਕਦਾ ਹੈ। ਉਹ ਆਖਦਾ ਹੈ ਕਿ ਸਰਕਾਰ ਦੇ ਰਵਈਏ ਨੇ ਹੱਕਾਂ ਪ੍ਰਤੀ ਲੜਣ ਦੇ ਰੋਹ ਨੂੰ ਹੋਰ ਪ੍ਰਚੰਡ ਕਰ ਦਿੱਤਾ ਹੈ ਅਤੇ ਹੁਣ ਲੜਾਈ ‘ਕਰੋ ਜਾਂ ਮਰੋ’ ਵਾਲੀ ਬਣ ਗਈ ਹੈ।
ਵੱਡੀ ਗੱਲ ਹੈ ਕਿ ਬਰਨਾਲਾ ’ਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟੈਂਕੀਆਂ ਤੇ ਚੜ੍ਹਨ ਵਾਲਿਆਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਧਮਕੀ ਦਾ ਵੀ ਸੋਹਣ ਸਿੰਘ ਤੇ ਅਸਰ ਨਹੀਂ ਹੋਇਆ ਹੈ। ਅਧਿਆਪਕ ਸੋਹਣ ਸਿੰਘ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ’ਚ ਉਸ ਨੇ ਇਹੋ ਆਖਿਆ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ’ਚ ਐਨੀ ਵੱਡੀ ਕਟੌਤੀ ਕਰ ਦਿੱਤੀ ਹੈ ਕਿ ਉਨ੍ਹਾਂ ਦਾ ਆਰਥਿਕ ਤਾਣਾ ਬਾਣਾ ਬੁਰੀ ਤਰਾਂ ਤਹਿਸ ਨਹਿਸ ਹੋ ਗਿਆ ਹੈ। ਉਸ ਨੇ ਆਖਿਆ ਕਿ ਪੰਜਾਬ ਦੇ ਸਕੇਲਾਂ ਦੇ ਅਧਾਰ ਤੇ ਮਿਲਦੀ ਤਨਖਾਹ ਕਾਰਨ ਉਨ੍ਹਾਂ ਨੇ ਘਰ ਆਦਿ ਬਨਾਉਣ ਲਈ ਬੈਂਕਾਂ ਤੋਂ ਕਰਜਾ ਲਿਆ ਹੋਇਆ ਹੈ ਜਿਸ ਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹੋਈਆਂ ਪਈਆਂ ਹਨ।
ਸੋਹਣ ਸਿੰਘ ਨੇ ਦੱਸਿਆ ਕਿ ਸਾਲ 2016 ਵਿੱਚ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ ਜਿੰਨ੍ਹਾਂ ਵਿੱਚੋਂ 180 ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਅਤੇ ਬਾਅਦ ’ਚ ਉਨ੍ਹਾਂ ਤੇ ਕੇਂਦਰੀ ਸਕੇਲ ਮੜ੍ਹ ਦਿੱਤੇ ਹਨ। ਟਾਵਰ ’ਤੇ ਚੜ੍ਹੇ ਸੋਹਣ ਸਿੰਘ ਨੇ ਸਪਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਜਦੋਂਂ ਤੱਕ ਉਨ੍ਹਾਂ ਦੇ ਮਾਮਲੇ ’ਚ ਲਿਖਤੀ ਤੌਰ ’ਤੇ ਪੱਤਰ ਜਾਰੀ ਨਹੀਂ ਹੁੰਦਾ, ਉਦੋਂ ਤੱਕ ਉਹ ਜਿਊਂਦੇ ਜੀਅ ਹੇਠਾਂ ਨਹੀਂ ਆਏਗਾ। ਓਧਰ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਇਹ ਮਸਲਾ ਹੱਲ ਨਾਂ ਕੀਤੇ ਜਾਣ ਕਾਰਨ ਚੰਡੀਗੜ੍ਹ ਪੁਲੀਸ ਕਸੂਤੀ ਫਸੀ ਹੋਈ ਹੈ। ਟਾਵਰ ਦੇ ਹੇਠਾਂ ਪੁਲਿਸ ਪੂਰੇ ਦਲਬਲ ਸਾਹਿਤ ਹੈ ਜਿਸ ਦੀਆਂ ਧੜਕਣਾਂ ਸੋਹਣ ਸਿੰਘ ਦੀ ਹਰ ਨਿੱਕੀ ਮੋਟੀ ਹਰਕਤ ਨੂੰ ਦੇਖਦਿਆਂ ਤੇਜ਼ ਹੋ ਜਾਂਦੀਆਂ ਹਨ।
ਪੰਜਾਬ ਪੁਲੀਸ ਦਾ ਖੁਫੀਆ ਵਿੰਗ ਤੇ ਪੰਜਾਬ ਭਵਨ ਇਲਾਕੇ ’ਚ ਤਾਇਨਾਤ ਪੰਜਾਬ ਦੀ ਪੁਲੀਸ ਵੱਖਰੇ ਤੌਰ ’ਤੇ ਅਧਿਆਪਕ ਦੀ ਨਿਗਰਾਨੀ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਅਧਿਆਪਕ ਨੂੰ ਕਿਸੇ ਮਾੜੀ ਘਟਨਾ ਤੋਂ ਬਚਾਉਣ ਲਈ ਜਾਲ, ਗੱਦਿਆਂ ਅਤੇ ਕੰਬਲਾਂ ਆਦਿ ਦਾ ਪ੍ਰਬੰਧ ਵੀ ਕੀਤਾ ਹੈ ਪਰ ਪੁਲਿਸ ਲਈ ਵੱਡੀ ਚਿੰਤਾ ਟਾਵਰ ਤੇ ਬੈਠੇ ਅਧਿਆਪਕ ਕੋਲ ਪੈਟਰੋਲ ਦੀ ਬੋਤਲ ਹੈ। ਹਾਲਾਂਕਿ ਟਾਵਰ ਤੇ ਬੈਠੇ ਅਧਿਆਪਕ ਦੀ ਦੇਖ ਰੇਖ ਅਤੇ ਸੁਰੱਖਿਆ ’ਤੇ ਰੋਜ਼ਾਨਾ ਹਜ਼ਾਰਾਂ ਰੁਪਏ ਖਰਚੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਕਿਸ ਗੱਲ ਦੀ ਜਿਦ ਫੜੀ ਬੈਠੀ ਹੈ ਇਸ ਨੂੰ ਲੈਕੇ ਅਧਿਕਾਰੀ ਵੀ ਹੈਰਾਨ ਹਨ ਜਿੰਨ੍ਹਾਂ ਨੇ ਉੱਚ ਪੱਧਰ ਤੱਕ ਆਪਣੇ ਫਿਕਰਾਂ ਬਾਰੇ ਜਾਣੂੰ ਕਰਵਾ ਦਿੱਤਾ ਹੈ
ਦੱਸਿਆ ਜਾਂਦਾ ਹੈ ਕਿ ਇੱਕ ਪੁਲਿਸ ਅਧਿਕਾਰੀ ਨੇ ਸੋਹਣ ਸਿੰਘ ਨੂੰ ਬੱਚਿਆਂ ਵਾਂਗ ਸਮਝਾਉਂਦਿਆਂ ਕਿਹਾ ਕਿ ਜ਼ਿੰਦਗੀ ਕੇਵਲ ਇੱਥੋਂ ਤੱਕ ਹੀ ਸੀਮਤ ਨਹੀਂ ਤੇ ਉਸ ਨਾਲ ਹੋਰ ਵੀ ਲੋਕ ਜੁੜੇ ਹੋਏ ਹਨ , ਇਸ ਲਈ ਉਹ ਖੁੱਲ੍ਹੇ ਮਨ ਨਾਲ ਸੋਚੇ ਤੇ ਕੋਈ ਗਲਤ ਕਦਮ ਨਾ ਚੁੱਕੇ। ਅਧਿਆਪਕਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਮੰਗ ਲਈ ਲੜਾਈ ਲੜ ਰਹੇ ਹਨ ਜਦਕਿ ਸਰਕਾਰ ਉਲਟਾ ਉਨ੍ਹਾਂ ਦੇ ਸੰਘਰਸ਼ ਨੂੰ ਡਰਾਮਾ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਸਲੇ ਹੱਲ ਕਰਨ ਦਾ ਦਾਅਵਾ ਕਰਦੇ ਹਨ ਜਿਸ ਨੂੰ ਸਹੀ ਸਿੱਧ ਕਰਨ ਦਾ ਇਹ ਵਧੀਆ ਮੌਕਾ ਹੈ । ਉਨ੍ਹਾਂ ਕਿਹਾ ਕਿ ਆਰਥਿਕ ਤੰਗੀਆਂ ’ਚ ਜਿੰਦਗੀ ਜੰਗ ਤੋਂ ਘੱਟ ਨਹੀਂ ਇਸ ਲਈ ਮੰਗ ਮੰਨਣੀ ਚਾਹੀਦੀ ਹੈ।
ਇਹ ਹੈ ਅਧਿਆਪਕਾਂ ਦਾ ਮਾਮਲਾ
ਦੱਸਣਯੋਗ ਹੈ ਕਿ ਅਧਿਆਪਕ ਸੋਹਣ ਸਿੰਘ ਤਿੰਨ ਦਿਨ ਪਹਿਲਾਂ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ’ਚ ਘੱਟਾ ਪਾਕੇ ਐਮ ਐਲ ਏ ਹੋਸਟਲ ਲਾਗੇ ਮੋਬਾਇਲ ਟਾਵਰ ਤੇ ਚੜ੍ਹ ਗਿਆ ਸੀ। ਸੋਹਣ ਸਿੰਘ ਕੋਲ ਪੈਟਰੋਲ ਦੀ ਬੋਤਲ ਵੀ ਹੈ ਅਤੇ ਉਸ ਨੇ ਟਾਵਰ ਤੇ ਆਪਣੀ ਮੰਗ ਵਾਲਾ ਬੈਨਰ ਵੀ ਲਾਇਆ ਹੋਇਆ ਹੈ। ਸੋਹਣ ਸਿੰਘ ਸਮੇਤ 180 ਅਧਿਆਪਕਾਂ ਤੇ ਜਬਰਦਸਤੀ ਕੇਂਦਰੀ ਸਕੇਲ ਮੜ੍ਹ ਦਿੱਤੇ ਸਨ ਜਦੋਂਕਿ ਉਹ ਪੰਜਾਬ ਦੇ ਤਨਖਾਹ ਸਕੇਲ ਮੰਗ ਰਹੇ ਹਨ। ਇਸ ਮੁੱਦੇ ’ਤੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਆਗੂਆਂ ਦੀ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਕਈ ਵਾਰ ਗੱਲਬਾਤ ਵੀ ਹੋਈ ਹੈ ਜੋ ਬੇਸਿੱਟਾ ਰਹੀ ਹੈ।
ਅਧਿਆਪਕ ਮੰਗਾਂ ਦੀ ਹਮਾਇਤ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਇੰਨ੍ਹਾਂ ਅਧਿਆਪਕਾਂ ਦੀ ਮੰਗ ਜਾਇਜ ਹੈ ਜਿਸ ਨੂੰ ਤੁਰੰਤ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸਿੱਖਿਆ ਪ੍ਰਤੀ ਮਾੜੀਆਂ ਨੀਤੀਆਂ ਦਾ ਸਿੱਟਾ ਅਤੇ ਪੰਜਾਬ ਸਰਕਾਰ ਦੀ ਚੁੱਪ ਹੈ ਜਿਸ ਕਰਕੇ ਸੋਹਣ ਸਿੰਘ ਨੂੰ ਸਿਰੇ ਦਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।