ਸਿਹਤ ਵਿਭਾਗ ਜਲੰਧਰ ਵਲੋਂ ਮੈਟਰਨਲ ਡੈਥ ਰਿਵਿਊ ਕਮੇਟੀ ਦੀ ਮੀਟਿੰਗ
- ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਘਰ-ਘਰ ਅਤੇ ਹਰ ਤਬਕੇ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ: ਡਾ. ਰਮਨ ਗੁਪਤਾ
ਜਲੰਧਰ, 30 ਨਵੰਬਰ 2021 - ਗਰਭ ਦੌਰਾਨ, ਜਣੇਪੇ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਣ ਵਾਲੀਆਂ ਔਰਤਾਂ ਦੀ ਮੌਤ ਦੇ ਕਾਰਣ ਲੱਭਣ ਦੇ ਮਨੋਰਥ ਨਾਲ ਮੰਗਲਵਾਰ ਨੂੰ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀਆਂ ਹਦਾਇਤਾ ਅਨੁਸਾਰ ਦਫ਼ਤਰ ਸਿਵਲ ਸਰਜਨ ਵਿਖੇ ਮੈਟਰਨਲ ਡੈਥ ਰਿਵਿਊ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਿਲ੍ਹੇ ਵਿੱਚ ਅਕਤੂਬਰ ਅਤੇ ਨਵੰਬਰ ਮਹੀਨੇਆਂ ਵਿੱਚ ਹੋਣ ਵਾਲਿਆਂ ਮੈਟਰਨਲ ਡੈਥਸ ਨੂੰ ਰੀਵਿਊ ਕੀਤਾ ਗਿਆ। ਮੀਟਿੰਗ 'ਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਐਸ.ਐਮ.ਓ. (ਗਾਇਨੀ) ਡਾ. ਕੁਲਵਿੰਦਰ ਕੌਰ, ਮੈਡੀਕਲ ਸਪੇਸ਼ਲਿਸਟ ਡਾ. ਭੁਪਿੰਦਰ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਡਿਪਟੀ ਸਮੂਹ ਸਿੱਖਿਆ ਅਫ਼ਸਰ ਪਰਮਜੀਤ ਕੌਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਜਿਲ੍ਹਾ ਅੰਕੜਾ ਸਹਾਇਕ ਮੋਨਿਕਾ ਅਤੇ ਕੇਸਾਂ ਨਾਲ ਸਬੰਧਤ ਵੱਖ-ਵੱਖ ਹਸਪਤਾਲਾਂ ਦੇ ਨੁਮਾਇਂਦੇ ਅਤੇ ਸਬੰਧਤ ਸਟਾਫ ਹਾਜਰ ਸਨ।
ਮੀਟਿੰਗ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਵੱਲੋਂ ਮੈਟਰਨਲ ਡੈਥਸ ਹੋਣ ਦੇ ਕਾਰਨਾਂ ਦੀ ਜਾਣਕਾਰੀ ਲਈ ਗਈ ਅਤੇ ਭਵਿੱਖ ਵਿੱਚ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਜਰੂਰੀ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦਾ 100 ਫੀਸਦੀ ਐਂਟੀਨੇਟਲ ਚੈੱਕਅਪ ਯਕੀਨੀ ਬਣਾਇਆ ਜਾਵੇ ਅਤੇ ਗਰਭਵਤੀ ਔਰਤ ਦੇ ਲੋੜੀਂਦੇ ਸਾਰੇ ਮੈਡੀਕਲ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ। ਹਾਈ ਰਿਸਕ ਗਰਭਵਤੀ ਔਰਤਾਂ ਦੀ ਸੂਚੀ ਐਸ.ਐਮ.ਓ. ਕੌਲ ਹੋਣੀ ਚਾਹੀਦੀ ਹੈ ਤਾਂ ਜੋ ਪਹਿਲਾਂ ਤੋਂ ਹੀ ਐਕਸ਼ਨ ਪਲਾਨ ਬਣਾਇਆ ਜਾਵੇ ਅਤੇ ਉਸ ਔਰਤ ਦਾ ਸੁਰੱਖਿਅਤ ਜਣੇਪਾ ਸੰਭਵ ਹੋ ਸਕੇ।
ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਮੀਟਿੰਗ ਦਾ ਉਦੇਸ਼ ਮੈਟਰਨਲ ਮੌਤਾਂ ਨੂੰ ਰੋਕਣ ਦੀ ਰਣਨੀਤੀ ਤਿਆਰ ਕਰਨਾ ਸੀ। ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਲੱਗਣ ਵਾਲੇ ਕੈਂਪਾਂ ਦੌਰਾਨ ਹਰੇਕ ਗਰਭਵਤੀ ਔਰਤ ਦੀ ਜਾਂਚ ਮਾਹਿਰ ਡਾਕਟਰ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਕਿਸੇ ਵੀ ਔਰਤ ਨੂੰ ਸਿਹਤ ਸਬੰਧੀ ਮੁਸ਼ਕਿਲ ਆ ਸਕਦੀ ਹੈ ਪਰ ਜੇਕਰ ਸਮੇਂ ਸਿਰ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਾਂ ਜਲਦ ਇਲਾਜ ਸ਼ੁਰੂ ਕਰ ਸਮੱਸਿਆ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕਦਾ ਹੈ।