ਬੇਅਦਬੀ ਦੇ ਕੇਸ 'ਚ ਮੁਲਜ਼ਮ ਡੇਰਾ ਪ੍ਰੇਮੀ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀ
ਅਸ਼ੋਕ ਵਰਮਾ/ਦੀਪਕ ਗਰਗ
ਮੁਕਤਸਰ, 3 ਦਸੰਬਰ 2021 - ਮੁਕਤਸਰ ਦੇ ਪਿੰਡ ਭੂੰਦੜ 'ਚ ਬੇਅਦਬੀ ਦੇ ਕੇਸ 'ਚ ਮੁਲਜ਼ਮ ਇੱਕ ਡੇਰਾ ਪ੍ਰੇਮੀ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਡੇਰਾ ਪ੍ਰੇਮੀ ਦੀ ਮੌਤ ਹੋ ਗਈ ਹੈ। ਮ੍ਰਿਤਕ ਡੇਰਾ ਪ੍ਰੇਮੀ ਦੀ ਪਛਾਣ ਚਰਨਦਾਸ ਵੱਜੋਂ ਹੋਈ ਹੈ।
ਥਾਣਾ ਕੋਟਭਾਈ ਦੇ ਐਸ ਐਚ ਓ ਨਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਪਰਚਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਮ੍ਰਿਤਕ ਪਿੰਡ ਵਿੱਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਡੇਰਾ ਪ੍ਰੇਮੀ ਚਰਨਦਾਸ ਉਪਰ ਬਰਗਾੜੀ ਬੇਅਦਬੀ ਦੇ ਮਾਮਲੇ ਵਿੱਚ ਆਰੋਪ ਲੱਗੇ ਸਨ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਚਰਨਦਾਸ ਹੈ ਜਿਸ ਦੀ ਕਰਿਆਨੇ ਦੀ ਦੁਕਾਨ ਹੈ। ਪਤਾ ਲੱਗਿਆ ਹੈ ਕਿ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਦੋ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ਤੇ ਆਏ ਅਤੇ ਖੰਡ ਤੇ ਚਾਹ ਪੱਤੀ ਵਗੈਰਾ ਦੀ ਮੰਗ ਕੀਤੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਰਨਦਾਸ ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਛਾਤੀ ’ਚ ਲੱਗੀਆਂ। ਕਤਲ ਕਰਨ ਉਪਰੰਤ ਦੋਵੇਂ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਏ।
ਚਰਨਦਾਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਕਰੀਬ ਤਿੰਨ ਸਲ ਪਹਿਲਾਂ ਚਰਨਦਾਸ 'ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕੀਤਾ ਗਿਆ ਸੀ।
ਡੀਐਸਪੀ ਗਿੱਦੜਬਾਹਾ ਨਰਿੰਦਰ ਸਿੰਘ ਨੇ ਚਰਨਦਾਸ ਦੇ ਕਤਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣਾ ਕੋਟਭਾਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਅਦਬੀ ਦਾ ਮਾਮਲਾ ਦਰਜ ਹੋਣ ਸਬੰਧੀ ਰਿਕਾਰਡ ਮੰਗਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਹ ਵੀ ਪਤਾ ਲਾ ਰਹੀ ਹੈ ਕਿ ਚਰਨਦਾਸ ਡੇਰਾ ਪ੍ਰੇਮੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ ਹਨੇਰਾ ਸੀ ਜਿਸ ਕਰਕੇ ਕਾਤਲਾਂ ਨੂੰ ਕੋਈ ਦੇਖ ਨਹੀਂ ਸਕਿਆ ਹੈ।