ਅਮਿਤ ਸ਼ਾਹ ਨੇ ਬੀਤੀ ਰਾਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕੀਤਾ ਸੀ ਫੋਨ, ਪੜ੍ਹੋ ਕਿਸ ਦਿਨ ਹੋ ਸਕਦੈ ਮੋਰਚੇ ਤੋਂ ਵਾਪਸੀ ਦਾ ਫੈਸਲਾ
ਨਵੀਂ ਦਿੱਲੀ, 4 ਦਸੰਬਰ, 2021: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੰਘੀ ਰਾਤ ਕਿਸਾਨ ਮੋਰਚੇ ਦੇ ਆਗੂਆਂ ਨੁੰ ਫੋਨ ਕੀਤਾ ਸੀ। ਇਸ ਮਗਰੋਂ ਕਿਸਾਨ ਮੋਰਚੇ ਦੇ ਆਗੂਆਂ ਦੀ ਰਾਇ ਹੈ ਕਿ ਜੇਕਰ ਸਰਕਾਰ ਨੇ ਸੰਜੀਦਾ ਤਰੀਕੇ ਨਾਲ ਗੱਲਬਾਤ ਕੀਤੀ ਤਾਂ ਮੋਰਚਾ ਖਤਮ ਕੀਤਾ ਜਾ ਸਕਦਾ ਹੈ।
ਮੋਰਚੇ ਦੇ ਆਗੂ ਯੁੱਧਵੀਰ ਦੇ ਹਵਾਲੇ ਨਾਲ ਐਨ ਡੀ ਟੀ ਵੀ ਨੇ ਰਿਪੋਰਟ ਦਿੱਤੀ ਹੈ ਕਿ ਅਮਿਤ ਸ਼ਾਹ ਨੇ ਫੋਨ ਕਰ ਕੇ ਕਿਸਾਨ ਮੋਰਚੇ ਦੇ ਆਗੂਆਂ ਨੁੰ ਕਿਹਾ ਹੈ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ। ਸਰਕਾਰ ਉਹਨਾਂ ਦੀਆਂ ਹੋਰ ਮੰਗਾਂ ਪ੍ਰਤੀ ਵੀ ਗੰਭੀਰ ਹੈ। ਇਸ ਦੌਰਾਨ ਸਰਕਾਰ ਦੀ ਮੰਗ 'ਤੇ ਮੋਰਚੇ ਨੇ ਪੰਜ ਕਿਸਾਨ ਆਗੂਆਂ ਦੇ ਨਾਂ ਤੈਅ ਕਰ ਦਿੱਤੇ ਹਨ ਜੋ ਸਰਕਾਰ ਵੱਲੋਂ ਬਣਾਈ ਕਮੇਟੀ ਵਿਚ ਕਿਸਾਨਾਂ ਦੀ ਪ੍ਰਤੀਨਿਧਤਾ ਕਰਨਗੇ। ਇਹਨਾਂ ਪੰਜ ਆਗੂਆਂ ਵਿਚ ਬਲਬੀਰ ਸਿੰਘ ਰਾਜੇਵਾਲ, ਅਸ਼ੋਕ ਧਾਵਲੇ, ਗੁਰਨਾਮ ਸਿੰਘ ਚੜੂਨੀ, ਸ਼ਿਵ ਕੁਮਾਰ ਕੱਕਾ ਤੇ ਯੁੱਧਵੀਰ ਸਿੰਘ ਸ਼ਾਮਲ ਹਨ।
ਯੁੱਧਵੀਰ ਨੇ ਦੱਸਿਆ ਹੈ ਕਿ 7 ਦਸੰਬਰ ਨੁੰ ਸਰਕਾਰ ਅਤੇ ਕਮੇਟੀ ਵਿਚਕਾਰ ਮੀਟਿੰਗ ਹੋਣੀ ਹੈ, ਜੇਕਰ ਇਸ ਮੀਟਿੰਗ ਵਿਚ ਸਮਝੌਤਾ ਹੋ ਜਾਂਦਾ ਹੈ ਤਾਂ ਫਿਰ ਕਿਸਾਨ ਸੰਘਰਸ ਤੋਂ ਵਾਪਸੀ ਕਰ ਸਕਦੇ ਹਨ।