ਜੀ ਐਸ ਪੰਨੂ
ਪਟਿਆਲਾ, 06 ਦਸੰਬਰ, 2021: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ 'ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜਾ ਮੁਆਫ਼ੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦ ਪ੍ਰਵਾਨਗੀ ਮਿਲ ਜਾਵੇਗੀ।
ਰੰਧਾਵਾ, ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਦੇ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਕਰਵਾਈਆਂ ਗਈਆਂ ਤੀਜੀਆਂ 'ਪੰਜਾਬ ਜੇਲ੍ਹ ਉਲੰਪਿਕ-2021' ਖੇਡਾਂ ਦੀ ਸਮਾਪਤੀ ਮੌਕੇ, ਜੇਤੂ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਹੋਏ ਸਨ। ਇਨ੍ਹਾਂ ਖੇਡਾਂ 'ਚ ਪਟਿਆਲਾ ਕੇਂਦਰੀ ਜੇਲ੍ਹ ਓਵਰਆਲ ਜੇਤੂ ਰਹੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੌਰਾਨ ਦੱਸਿਆ ਕਿ ਬੰਦੀਆਂ ਨੂੰ ਅਸਲ ਅਰਥਾਂ 'ਚ ਸੁਧਾਰਨ ਲਈ, ਸ਼ੁਰੂ ਕੀਤੇ ਤਿੰਨੇ ਪ੍ਰਾਜੈਕਟਾਂ, 'ਸਿੱਖਿਆ ਦੀ ਦਾਤ', ਜਿਸ 'ਚ ਬੰਦੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ ਸਮੇਤ 'ਗਲਵਕੜੀ', ਜਿਸ ਤਹਿਤ ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਅ ਕੇ ਆਪਣੀ ਜਿੰਦਗੀ ਬਿਹਤਰ ਬਨਾਉਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ 'ਸਮਾਧਾਨ', ਜਿਸ ਨਾਲ ਬੰਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ 181 ਕਾਲ ਸੈਂਟਰ 'ਤੇ ਫੋਨ ਕਾਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੇ ਗਏ ਜੇਲ ਸੁਧਾਰਾਂ ਨਾਲ ਅਗਲੇ ਦੋ ਸਾਲਾਂ 'ਚ ਸਮੁੱਚੀਆਂ ਜ਼ੇਲਾਂ ਦੀ ਕਾਇਆਂ ਕਲਪ ਹੋ ਜਾਵੇਗੀ।
ਰੰਧਾਵਾ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀਆਂ ਨੂੰ ਹੁਨਰਮੰਦ ਬਨਾਉਣ ਲਈ ਕਪੂਰਥਲਾ ਜੇਲ੍ਹ ਤੋਂ 10 ਦਸੰਬਰ ਤੋਂ ਸਕਿਲ ਡਿਵੈਲਪਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਰਾਜ ਦੀਆਂ ਜੇਲਾਂ 'ਚ ਬੰਦੀਆਂ ਦੀ ਭਲਾਈ ਲਈ ਫੰਡ ਜੁਟਾਉਣ ਲਈ 11 ਜ਼ੇਲ੍ਹਾਂ 'ਚ ਪੈਟਰੋਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲਾਂ ਦੇ ਆਧੁਨਿਕੀਕਰਨ ਸਮੇਤ ਬਾਡੀ ਸਕੈਨਿੰਗ ਅਤੇ ਪਰਿਵਾਰਾਂ ਨੂੰ ਫੋਨ ਕਰਨ ਲਈ 15 ਮਿੰਟ ਰੋਜ਼ ਦੇ ਦਿੱਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਬੰਦੀਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਵੇਰਕਾ, ਮਾਰਕਫੈਡ, ਮਿਲਕਫੂਡ, ਮਿਲਕਫੈਡ, ਸੂਗਰਫੈਡ ਦਾ ਸਮਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀਆਂ ਫੈਕਟਰੀਆਂ ਨੂੰ ਵੱਡੇ ਪੱਧਰ 'ਤੇ ਚਲਾਉਣ ਲਈ ਬਾਹਰੀ ਕੰਪਨੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ, ਅੰਮ੍ਰਿਤਸਰ ਜੇਲ੍ਹ 'ਚ ਟਾਈਲ ਫੈਕਟਰੀ ਅਤੇ ਲੁਧਿਆਣਾ ਜੇਲ੍ਹ ਦੀ ਨਮਕੀਨ ਫੈਕਟਰੀ ਵੀ ਚਲਾਈ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਲਾਂ 'ਚ ਬੰਦ ਗੁੰਡਾ ਅਨਸਰ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਕਾਰਾ ਕੀਤਾ ਹੈ, ਨੂੰ ਇਹ ਦੱਸਿਆ ਗਿਆ ਹੈ ਕਿ ਜੇਲਾਂ ਕੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ 'ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ੍ਹ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਅਤੇ ਹਾਈ ਕੋਰਟ 'ਚ ਨਸ਼ਿਆਂ ਦੇ ਮਾਮਲੇ 'ਚ ਰਿਪੋਰਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗਣ ਲੱਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਇਸ ਰਿਪੋਰਟ ਨੂੰ ਲਿਫ਼ਾਫੇ 'ਚ ਬੰਦ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਪੰਜਾਬ ਸਰਕਾਰ ਜਲਦ ਹੀ ਇਸ ਨੂੰ ਲੋਕਾਂ ਦੇ ਸਾਹਮਣੇ ਰੱਖੇਗੀ।
ਰੰਧਾਵਾ ਨੇ ਹੋਰ ਕਿਹਾ ਕਿ ਅਫ਼ਸੋਸ ਹੈ ਕਿ ਕੈਪਟਨ ਖ਼ੁਦ ਕਾਂਗਰਸ ਪ੍ਰਧਾਨ ਹੁੰਦਿਆਂ ਕਦੇ ਪਾਰਟੀ ਦਫ਼ਤਰ ਨਹੀਂ ਗਏ ਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਹੀਂ ਨਿਕਲੇ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀਅਤ ਕੀ ਹੈ, ਜਿਸ ਲਈ ਉਹ ਬਹੁਤੇ ਹੇਠਲੇ ਪੱਧਰ 'ਤੇ ਪੁੱਜ ਗਏ ਹਨ।
ਇਸ ਤੋਂ ਬਾਅਦ ਕੇਂਦਰੀ ਜੇਲ ਦੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦਾ ਫ਼ਖਰ ਹੈ ਕਿ ਉਹ ਰਾਜ ਦੀਆਂ ਜੇਲਾਂ 'ਚ ਕੁਝ ਸੁਧਾਰ ਕਰ ਸਕੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜੇਲ੍ਹ ਸੁਧਾਰਾਂ 'ਚ ਪੰਜਾਬ ਬਾਕੀ ਰਾਜਾਂ ਦੀਆਂ ਜੇਲਾਂ ਤੋਂ ਅੱਗੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਨਾਹ ਕਰਨ ਵਾਲੇ ਬੰਦੀਆਂ ਦੇ ਬੱਚਿਆਂ ਤੇ ਘਰ ਦੇ ਜੀਆਂ ਦਾ ਕੋਈ ਕਸੂਰ ਨਹੀਂ ਹੁੰਦਾ ਇਸ ਲਈ ਬੰਦੀ ਆਪਣੇ ਪਰਿਵਾਰਕ ਜੀਆਂ ਦਾ ਧਿਆਨ ਕਰਕੇ ਚੰਗੇ ਨਾਗਰਿਕ ਬਣਨ।
ਰੰਧਾਵਾ ਨੇ ਇਹ ਓਲੰਪਿਕ ਖੇਡਾਂ ਕਰਵਾਉਣ ਵਾਲੇ ਜੇਲ੍ਹ ਅਧਿਕਾਰੀਆਂ, ਖਾਸ ਕਰਕੇ ਏ.ਡੀ.ਜੀ.ਪੀ. ਜੇਲਾਂ ਪਰਵੀਨ ਕੁਮਾਰ ਸਿਨਹਾ, ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਸਮੇਤ ਖੇਡਾਂ 'ਚ ਹਿੱਸਾ ਲੈਣ ਵਾਲਿਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਲਾਂ 'ਤੇ ਇੱਕ ਫ਼ਿਲਮ ਬਣਾਈ ਜਾਵੇਗੀ ਤਾਂ ਕਿ ਕੋਈ ਵਿਅਕਤੀ ਗੁਨਾਹ ਨਾ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਗਤ ਵੀ ਜੇਲਾਂ 'ਚ ਰਹੇ ਹਨ ਪਰੰਤੂ ਕਿਸੇ ਗੁਨਾਹ ਕਰਕੇ ਜੇਲ੍ਹ ਆਉਣਾ ਅਫ਼ਸੋਸਨਾਕ ਹੈ।
ਏ.ਡੀ.ਜੀ.ਪੀ. ਜੇਲਾਂ ਪਰਵੀਨ ਕੁਮਾਰ ਸਿਨਹਾ ਨੇ ਪੰਜਾਬ ਜੇਲ੍ਹ ਉਲੰਪਿਕ ਖੇਡਾਂ ਬੰਦੀਆਂ ਦੇ ਸੁਧਾਰ ਹਿਤ ਇੱਕ ਬਹੁਤ ਛੋਟਾ ਪਰੰਤੂ ਬਹੁਤ ਅਹਿਮ ਕਦਮ ਹੈ। ਸਿਨਹਾ ਨੇ ਕਿਹਾ ਕਿ ਕੈਦੀਆਂ ਦੇ ਆਚਰਣ 'ਚ ਸੁਧਾਰ, ਇੱਕਲਾ ਬੈਰਕਾਂ ਨੂੰ ਕਲੀ ਕੂਚੀ ਕਰਨ ਨਾਲ ਹੀ ਨਹੀਂ ਹੁੰਦਾ ਬਲਕਿ ਇਸ ਲਈ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਹਨ, ਜਿਸ 'ਚ ਪੰਜਾਬ ਦਾ ਜ਼ੇਲ੍ਹ ਵਿਭਾਗ ਅਹਿਮ ਕਦਮ ਉਠਾ ਰਿਹਾ ਹੈ।
ਪੰਜਾਬ ਜੇਲ੍ਹ ਓਲੰਪਿਕ-2021 ਦੌਰਾਨ ਰੱਸਾਕਸ਼ੀ 'ਚ ਪਟਿਆਲਾ ਜੇਲ੍ਹ ਜੇਤੂ ਰਹੀ ਤੇ ਅੰਮ੍ਰਿਤਸਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਬੱਡੀ 'ਚ ਫਰੀਦਕੋਟ ਜੇਲ੍ਹ ਪਹਿਲੇ ਤੇ ਅੰਮ੍ਰਿਤਸਰ ਜੇਲ੍ਹ ਦੂਜੇ ਸਥਾਨ 'ਤੇ ਰਹੀ। ਮਹਿਲਾਵਾਂ ਦੀ 60 ਮੀਟਰ ਰੇਸ 'ਚ ਕਪੂਰਥਲਾ ਜੇਲ੍ਹ ਦੀ ਉਬੋਪ੍ਰੀਸੀਅਰ, ਫਰੀਦਕੋਟ ਦੀ ਸੀਤਾ ਦੇਵੀ ਦੂਜੇ ਸਥਾਨ 'ਤੇ ਰਹੀ। ਮਰਦਾਂ ਦੀ 100 ਮੀਟਰ ਰੇਸ 'ਚ ਪਟਿਆਲਾ ਜੇਲ੍ਹ ਦੀ ਅਲੈਕ ਪਹਿਲੇ, ਅੰਮ੍ਰਿਤਸਰ ਜੇਲ੍ਹ ਦੀ ਅਸ਼ਵਨੀ ਦੂਜੇ ਥਾਂ 'ਤੇ ਰਹੀ। ਇਸ ਤੋਂ ਇਲਾਵਾ ਲੋਗ ਜੰਪ 'ਚ ਅਲੈਕ ਪਹਿਲੇ ਤੇ ਅੰਮ੍ਰਿਤਸਰ ਦੀ ਨਮਨ ਦੂਜੇ ਥਾਂ 'ਤੇ ਰਹੀ, ਵਾਲੀਬਾਲ 'ਚ ਕਪੂਰਥਲਾ ਜੇਲ੍ਹ ਪਹਿਲੇ ਥਾਂ 'ਤੇ ਅਤੇ ਅੰਮ੍ਰਿਤਸਰ ਜੇਲ੍ਹ ਦੂਜੇ ਥਾਂ 'ਤੇ। ਬੈਡਮਿੰਟਨ 'ਚ ਪਟਿਆਲਾ ਜੇਲ੍ਹ ਪਹਿਲੇ ਤੇ ਕਪੂਰਥਲਾ ਜੇਲ੍ਹ ਦੂਜੇ ਥਾਂ 'ਤੇ ਰਹੀ। ਚੈਸ 'ਚ ਪਟਿਆਲਾ ਦੀ ਰਵਦੀਪ ਪਹਿਲੇ ਤੇ ਕਪੂਰਥਲਾ ਜੇਲ੍ਹ ਦੀ ਸਿਲੇਲ ਦੂਜੇ ਥਾਂ 'ਤੇ ਅਤੇ ਸ਼ਾਟਪੁੱਟ 'ਚ ਨਾਭਾ ਦੀ ਜੌਲੀ ਚਿਖਾ ਪਹਿਲੇ ਤੇ ਅੰਮ੍ਰਿਤਸਰ ਦੀ ਸੁਰਜੀਤ ਕੌਰ ਦੂਜੇ ਸਥਾਨ 'ਤੇ ਰਹੀ।
ਇਸ ਦੌਰਾਨ ਵੱਖ-ਵੱਖ ਜੇਲਾਂ ਦੇ ਬੰਦੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ।
ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ ਤੇ ਰਾਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ, ਆਈ.ਜੀ. ਪਟਿਆਲਾ ਰੇਂਜ ਐਮ.ਐਸ. ਛੀਨਾ, ਆਈ.ਜੀ. ਜੇਲਾਂ ਰੂਪ ਕੁਮਾਰ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਡੀ.ਆਈ.ਜੀ. ਜੇਲਾਂ ਅਮਨੀਤ ਕੌਂਡਲ, ਸੁਰਿੰਦਰ ਸਿੰਘ ਸੈਣੀ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਚਰਨਜੀਤ ਸਿੰਘ, ਵੱਖ-ਵੱਖ ਜੇਲਾਂ ਦੇ ਸੁਪਰਡੈਂਟ, ਪ੍ਰਿੰਸੀਪਲ ਜੇਲ੍ਹ ਸਿਖਲਾਈ ਗੁਰਚਰਨ ਸਿੰਘ ਧਾਲੀਵਾਲ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਐਸ.ਪੀ. ਹਰਪਾਲ ਸਿੰਘ, ਡਿਪਟੀ ਸੁਪਰਡੈਂਟ ਹਰਚਰਨ ਸਿੰਘ ਗਿੱਲ, ਹਰਜੋਤ ਸਿੰਘ ਕਲੇਰ, ਡਿਪਟੀ ਸੁਪਰਡੈਂਟ ਸੁਰੱਖਿਆ ਬਲਜਿੰਦਰ ਸਿੰਘ ਚੱਠਾ, ਵਰੁਣ ਸ਼ਰਮਾ ਸਮੇਤ ਵੱਡੀ ਗਿਣਤੀ ਹੋਰ ਅਧਿਕਾਰੀ ਮੌਜੂਦ ਸਨ।