ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਫੂਕੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 9 ਦਸੰਬਰ, 2021: ਅੱਜ ਪਿੰਡ ਲੱਡੀ 'ਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਵੱਡੀ ਗਿਣਤੀ ਖੇਤ ਮਜ਼ਦੂਰ ਮਰਦ ਔਰਤਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਅਰਥੀ ਫੂਕ ਮੁਜ਼ਾਹਰਾ ਬਲਦੀਸ਼ ਕੌਰ ਇਕਾਈ ਪ੍ਰਧਾਨ ਪਿੰਡ ਲੱਡੀ ਦੀ ਅਗਵਾਈ ਹੇਠ ਹੋਇਆ।
ਇਸ ਸਮੇਂ ਆਗੂਆਂ ਨੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਹੁੰਦਿਆਂ ਬਲਦੀਸ਼ ਕੌਰ ਨੇ ਕਿਹਾ ਕਿ ਪਿਛਲੀ 23 ਨਵੰਬਰ ਨੂੰ ਵੱਖੋ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ, ਜਿਸ 'ਚ ਮਜ਼ਦੂਰਾਂ ਦੀਆਂ ਕੁੱਝ ਹੱਕੀ ਅਤੇ ਜਾਇਜ਼ ਮੰਗਾਂ ਮੰਨੀਆਂ ਗਈਆਂ ਸੀ ਜਿਵੇਂ ਕਿ ਲੋੜਵੰਦ ਬੇਘਰਿਆਂ ਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਦੇਣ, ਬਿਜਲੀ ਦਾ ਖੜਿਆਂ ਬਕਾਇਆ ਤੁਰੰਤ ਮੁਆਫ਼ ਕਰ ਕੇ ਪੁੱਟੇ ਗਏ ਮੀਟਰ ਦੁਬਾਰਾ ਲਾਉਣਾ, ਸਹਿਕਾਰੀ ਸੁਸਾਇਟੀਆ 'ਚ ਚੌਥਾ ਹਿੱਸਾ ਰਾਖਵਾਂਕਰਨ ਕਰ ਕੇ 50,000 ਰੁਪਏ ਤੱਕ ਦੇ ਕਰਜ਼ੇ ਦੇਣਾ ਆਦਿ ਪ੍ਰੰਤੂ ਮੁੱਖ ਮੰਤਰੀ ਪੰਜਾਬ ਵੱਲੋਂ ਇਨ੍ਹਾਂ ਮੰਗਾਂ ਨੂੰ ਅਮਲੀ ਰੂਪ 'ਚ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੈ।
ਆਗੂਆਂ ਨੇ ਕਿਹਾ ਕਿ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਮਜ਼ਦੂਰਾਂ ਨੂੰ ਖੁਸ਼ ਕਰਨ ਲਈ ਵੱਡੇ ਵੱਡੇ ਫੋਕੇ ਵਾਅਦੇ ਤੇ ਦਾਅਵੇ ਕਰ ਰਹੇ ਹਨ ਜੋ ਗਰਾਊਂਡ ਲੈਵਲ ਤੇ ਜ਼ੀਰੋ ਸਾਬਤ ਹੋ ਰਹੇ ਹਨ ਜਿਸ ਕਰਕੇ ਪੇਂਡੂ ਮਜ਼ਦੂਰ ਤੇ ਗ਼ਰੀਬ ਕਿਸਾਨਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਰੋਸ ਵਧ ਰਿਹਾ ਹੈ ਜੋ ਕਿ ਆਪਣੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਮਨਰੇਗਾ ਰਾਹੀਂ ਸਾਰਾ ਸਾਲ ਕੰਮ, ਦਿਹਾੜੀ 600 ਰੁਪਏ, ਮਨਰੇਗਾ ਦੇ ਰੁਕੇ ਬਕਾਏ ਜਾਰੀ ਕਰਵਾਉਣ, ਮਨਰੇਗਾ ਸਕੀਮ 'ਚ ਹੋ ਰਹੀ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ, ਬੁੱਢਾਪਾ ਤੇ ਵਿਧਵਾ ਪੈਨਸ਼ਨ ਘੱਟੋ ਘੱਟ 5000 ਰੁਪਏ ਕਰਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹੋਏ ਰਸੋਈ 'ਚ ਵਰਤਣ ਵਾਲੀਆਂ 16 ਵਸਤੂਆਂ ਸਸਤੇ ਰੇਟ ਤੇ ਮੁਹੱਈਆ ਕਰਵਾਉਣ, ਸਰਕਾਰੀ ਤੇ ਗੈਰ ਸਰਕਾਰੀ ਮਾਈਕ੍ਰੋਫਾਇਨਾਂਸ ਕੰਪਨੀਆਂ ਦਾ ਮਜਦੂਰਾ ਸਿਰ ਚੜ੍ਹਿਆ ਕਰਜ਼ਾ ਖਤਮ ਕਰਾਉਣ, ਨਵੇਂ ਸਿਰੇ ਤੋਂ ਕਰਜ਼ਾ ਕਾਨੂੰਨ ਬਣਾ ਕੇ ਸਰਕਾਰੀ ਬੈਂਕਾਂ ਰਾਹੀਂ ਬਿਨਾਂ ਵਿਆਜ ਲੰਮੀ ਮਿਆਦ ਦੇ ਸਸਤੇ ਕਰਜ਼ਿਆਂ ਦਾ ਪ੍ਰਬੰਧ ਕਰਾਉਣ, ਤੀਜੇ ਹਿੱਸੇ ਦੀ ਪੰਚਾਇਤੀ ਰਿਜ਼ਰਵ ਜ਼ਮੀਨ ਸਸਤੇ ਠੇਕੇ ਤੇ ਦੇਣਾ ਯਕੀਨੀ ਬਣਾਉਣਾ, ਦਲਿਤ ਲੋਕਾਂ 'ਤੇ ਹੋ ਰਹੇ ਜਬਰ ਨੂੰ ਨੱਥ ਪਾਉਣ, ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਖਤਮ ਕਰਾਉਣ, ਕਿਸਾਨਾਂ ਮਜ਼ਦੂਰਾਂ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਰਕਾਰੀ ਪੱਕਾ ਰੁਜ਼ਗਾਰ ਦੇਣ, ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ ਲਈ ਬਿਜਲੀ ਪਾਣੀ ਵਿੱਦਿਆ ਤੇ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦੇਣ ਅਤੇ 18 ਏਕੜ ਤੋਂ ਵਾਧੂ ਸਰਪਲੱਸ ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਕਰਾਉਣ ਤੱਕ ਇਹ ਸੰਘਰਸ਼ ਨਿਰੰਤਰ ਕਿਸੇ ਨਾ ਕਿਸੇ ਰੂਪ 'ਚ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ ਆਉਣ ਵਾਲੀ 12 ਦਸੰਬਰ ਨੂੰ ਸੁਨਾਮ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਮਜ਼ਦੂਰ ਤੇ ਗ਼ਰੀਬ ਕਿਸਾਨ ਰੇਲ ਜਾਮ 'ਚ ਪਰਿਵਾਰਾਂ ਸਮੇਤ ਪਹੁੰਚਣਗੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਇਕਾਈ ਪ੍ਰਧਾਨ ਬਲਦੇਵ ਸਿੰਘ, ਜਨਰਲ ਸਕੱਤਰ ਹਰਵਿੰਦਰ ਸਿੰਘ, ਸੰਦੀਪ ਸਿੰਘ ਅਤੇ ਔਰਤਾ ਦੀ ਪ੍ਰਧਾਨ ਬਲਦੀਸ਼ ਕੌਰ ਆਦਿ ਹਾਜ਼ਰ ਸਨ।