ਮੁਕਤਸਰ ਸਾਹਿਬ ਵਿਖੇ ਗੁਰੂ ਦੇ ਸਿੰਘਾਂ ਨੇ ਸ਼ਹੀਦ ਹੋ ਕੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹਾਸਲ ਕੀਤਾ: ਬਾਬਾ ਬਲਬੀਰ ਸਿੰਘ
ਮਾਘੀ ਦਿਹਾੜੇ ਤੇ ਮੁਕਤਸਰ ਸਾਹਿਬ ਹਾਜ਼ਰੀ ਲਵਾਉਣੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਨਿਹੰਗ ਸਿੰਘ ਦਲਪੰਥਾਂ ਵਲੋਂ 15 ਨੂੰ ਮਹੱਲਾ ਕੱਢਿਆ ਜਾਵੇਗਾ
ਬਾਬੂਸ਼ਾਹੀ ਨੈੱਟਵਰਕ
ਮੁਕਤਸਰ ਸਾਹਿਬ, 13 ਜਨਵਰੀ 2022 -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲ਼ੀ 96 ਕਰੋੜੀ ਨਿਹੰਗ ਸਿੰਘ ਦਲ ਪੰਥਾਂ ਵਲੋਂ 15 ਨੂੰ ਮਹੱਲਾ ਕੱਢਿਆ ਜਾਵੇਗਾ ਨੇ ਮਾਘੀ ਦੀ ਪੁਰਬ ਸੰਧਿਆਂ ਮੌਕੇ ਸਿੱਖ ਕੌਮ ਦੇ ਨਾਮ ਸ਼ੰਦੇਸ ਜਾਰੀ ਕਰਦਿਆਂ ਕਿਹਾ ਕਿ ਮਾਘੀ ਦੇ ਪਾਵਨ ਦਿਹਾੜੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪੁਜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਭੁੱਲਾਂ ਬਖਸ਼ਾਉਣ ਵਾਲਾ ਹੈ।ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਬਖ਼ਸਾਈ ਤੇ ਵੱਖ-ਵੱਖ ਖਿਤਾਬਾਂ ਦੀਆਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ।ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਲੀ ਸ਼ਹੀਦ ਸਿੰਘਾਂ ਨੂੰ ਮੁਕਤੀ ਪਦ ਬਖਸ਼ ਕੇ ਇਸ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਰੱਖਿਆ।ਉਨ੍ਹਾਂ ਕਿਹਾ ਚਾਲੀ ਮੁਕਤਿਆਂ ਦੇ ਸ਼ਹੀਦੀ ਅਸਥਾਨ ਤੇ ਮੁਕਤਸਰ ਸ਼ਹਿਰ ਵੱਸਿਆ ਹੈ।
ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਪ੍ਰੈਸ ਦੇ ਨਾਮ ਸਿੰਘ ਸਾਹਿਬ ਬਾਬਾ ਬਲਬੀਰ ਜੀ ਦਾ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਧਰਮ ਪ੍ਰਤੀ ਕੁਰਬਾਨੀ, ਬਲਦਾਨ ਤੇ ਸ਼ਹਾਦਤ ਦਾ ਸੰਕਲਪ ਗੁਰੂ ਸਾਹਿਬ ਨੇ ਹੀ ਰੋਸ਼ਨ ਕੀਤਾ।ਸ਼ਹੀਦੀ ਪ੍ਰੰਪਰਾ ਦੇ ਇਤਿਹਾਸ ਵਿੱਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ, ਦਸਵੇਂ ਜਾਮੇ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਆਪ ਸ਼ਹੀਦੀ ਦੇ ਕੇ ਗੁਰੂ ਨਾਨਕ ਸਾਹਿਬ ਜੀ ਵੱਲੋ ਸਥਾਪਿਤ ਸ਼ਹੀਦੀ ਪ੍ਰੰਪਰਾ ਨੂੰ ਅਮੀਰ ਕਰ ਦਿੱਤਾ ਸੀ।ਬਾਬਾ ਬਲਬੀਰ ਸਿੰਘ ਨੇ ਕਿਹਾ 30 ਮਈ 1606 ਨੂੰ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ, 1621 ਵਿੱਚ ਸਿੱਖਾਂ ਨੇ ਸ੍ਰੀ ਹਰਿਗੋਬਿੰਦਪੁਰ ਵਾਲੀ ਧਰਤੀ ਤੇ ਪਹਿਲੀ ਜੰਗ ਲੜੀ, ਉਸ ਸਮੇਂ ਤਂੋ ਹੁਣ ਤੀਕ ਲੱਖਾਂ ਹੀ ਸਿੱਖਾਂ ਨੇ ਤਲੀ ਤੇ ਸੀਸ ਰੱਖ ਕੌਮੀ ਅਣੱਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ।
ਬਾਬਾ ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਾਦਤ ਦਾ ਸਿਧਾਂਤ ਤੇ ਪ੍ਰੰਪਰਾ ਸਿੱਖ ਇਤਿਹਾਸ, ਸਿੱਖ ਸਭਿਆਚਾਰ ਦੀ ਇੱਕ ਨਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ।ਉਨ੍ਹਾਂ ਨੇ ਕਿਹਾ ਕਿ 40 ਸਿੰਘਾਂ ਦੀ ਸ਼ਹੀਦੀ ਦੇ ਇਸ ਇਤਿਹਾਸਕ ਅਧਿਆਇ ਨੂੰ ਸੰਗਤਾਂ ਵਿੱਚ ਵੱਖ-ਵੱਖ ਮਾਧਿਅਮ ਰਾਹੀ ਪ੍ਰਚਾਰਨ ਅਤੇ ਉਹਨਾਂ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਵਿਸਥਾਰਤ ਖੋਜ ਕਾਰਜ ਦੀ ਲੋੜ ਹੈ।ਉਨਾਂ ਕਿਹਾ ਕਿ ਇਹ ਸਮਾਗਮ ਨਿਰੇ ਸਿਆਸੀ ਅਖਾੜੇ ਨਾ ਬਣਨ, ਇਸ ਮਹਾਨ ਦਿਹਾੜੇ ਦਾ ਅਸਲ ਉਦੇਸ਼ ਵੀ ਸੰਗਤਾਂ ਤੱਕ ਪੁਜਣਾ ਚਾਹੀਦਾ ਹੈ।ਏਸੇ ਦੌਰਾਨ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਨੇੜੇ ਗੁ: ਤੰਬੂ ਸਾਹਿਬ ਤੋਂ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਸਮੂਹ ਨਿਹੰਗ ਸਿੰਘ ਦਲਾਂ ਵੱਲੋ ਬੁੱਢਾ ਦਲ ਦੇ ਸਿੰਘ ਸਾਹਿਬ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੀ ਅਗਵਾਈ ਅਤੇ ਇਤਿਹਾਸਕ ਨਿਸ਼ਾਨ, ਨਿਗਾਰਿਆਂ ਦੀ ਤਾਬਿਆਂ 15 ਜਨਵਰੀ 12 ਵਜੇ ਮਹੱਲਾ ਕੱਢਿਆ ਜਾਵੇਗਾ ਜੋ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਕੇ ਖੁਲ੍ਹੇ ਮੈਦਾਨ ਵਿਚ ਘੋੜ ਦੌੜ ਨੇਜੇਬਾਜ਼ੀ, ਗਤਕਾ ਆਦਿ ਦੇ ਜੌਹਰ ਦਿਖਾਵੇਗਾ।