ਪਿੰਡ ਬਾਪਲਾ ਵਿਖੇ 70 ਏਕੜ ਕਣਕ ਮੀਂਹ ਦੇ ਪਾਣੀ ਚ ਡੁੱਬੀ, ਮੁਆਵਜ਼ੇ ਦੀ ਮੰਗ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ,18, ਜਨਵਰੀ, 2022-ਜ਼ਿਲ੍ਹਾ ਮਾਲੇਰਕੋਟਲਾ ਦੇ ਕਸਬਾ ਸੰਦੌੜ ਨੇੜੇ ਪੈਂਦੇ ਪਿੰਡ ਬਾਪਲਾ ਵਿਖੇ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਦੇ ਚੱਲਦਿਆਂ ਕਰੀਬ 70ਏਕੜ ਕਰਬੇ ਚ ਕਣਕ ਦੀ ਫ਼ਸਲ ਡੁੱਬਣ ਨਾਲ ਲੱਖਾਂ ਦੇ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਕੁਦਰਤੀ ਕਰੋਪੀ ਦੀ ਸ਼ਿਕਾਰ ਹੋਈ ਕਣਕ ਦੀ ਫਸਲ ਨੂੰ ਦੇਖਦਿਆਂ ਜਿੱਥੇ ਕਿਸਾਨ ਸਦਮੇ ਵਿੱਚ ਹਨ, ਉੱਥੇ ਹੀ ਪ੍ਸਾਸ਼ਨ ਦੇ ਕੁੰਭਕਰਣੀ ਨੀਂਦ ਵਿੱਚ ਸੁੱਤੇ ਹੋਣਾ ਅਤੇ ਪੀੜਿਤ ਕਿਸਾਨਾਂ ਦੀ ਸਾਰ ਨਾ ਲੈਣ ਕਾਰਨ ਕਿਸਾਨ ਸਦਮੇ ਵਿੱਚ ਹਨ।
ਮੌਕੇ ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕਰਨ ਸਮੇਂ ਪੀੜਤ ਕਿਸਾਨਾਂ ਕੁਲਦੀਪ ਸਿੰਘ ਬਾਪਲਾ, ਜਗਜੀਤ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਅਤੇ ਮੌਕੇ ਤੇ ਮੌਜੂਦ ਕਿਸਾਨਾਂ ਨੇ ਆਪਣੀ ਦਾਸਤਾਨ ਬਿਆਨ ਕਰਦਿਆਂ ਦੱਸਿਆ ਕਿ ਵਾਰ ਵਾਰ ਜਿਲ੍ਹੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੇ ਵੀ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਬਹੁੜਿਆ। ਪੀੜਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬੰਦ ਪੁੱਲੀ ਨੂੰ ਖੁਲਵਾਇਆ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।