ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਕੌਣ ਮਜੀਠੀਆ ਜਾਂ ਕੈਪਟਨ ? ਚੋਣ ਚਰਚਾ ਜ਼ੋਰਾਂ 'ਤੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 18 ਜਨਵਰੀ 2022 - ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਚੋਣ ਲੜਨ ਦੀ ਗੱਲ ਕਹੀ ਜਾ ਰਹੀ ਸੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਖੁਦ ਵੀ ਇਹ ਕਿਹਾ ਸੀ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਹਲਕਾ ਪੂਰਬੀ ਤੋਂ ਉਹ ਜ਼ਰੂਰ ਚੋਣ ਲੜਨਗੇ।
ਹੁਣ ਨਵੀਂ ਚੋਣ ਚਰਚਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਲੜਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਨਾਲ ਚੋਣ ਬਾਜ਼ਾਰ ਕਾਫ਼ੀ ਭਖ ਗਿਆ ਹੈ ਹਾਲਾਂਕਿ ਇਸ ਦੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਫੇਰ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਬੀ ਜੇ ਪੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਖੜ੍ਹਾ ਕਰਨਾ ਚਾਹੁੰਦੀ ਹੈ ਅਤੇ ਕਿਸੇ ਹੱਦ ਤਕ ਕੈਪਟਨ ਅਮਰਿੰਦਰ ਸਿੰਘ ਵੀ ਇਸ ਲਈ ਹਾਮੀ ਭਰ ਚੁੱਕੇ ਹਨ । ਫਿਲਹਾਲ ਪਾਰਟੀ ਵੱਲੋਂ ਇਸ ਦਾ ਅਧਿਕਾਰਕ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣ ਲੜਦੇ ਹਨ ਤਾਂ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣ ਜਿੱਤਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਇਕ ਤਾਂ ਕਾਂਗਰਸ ਕੇਡਰ ਵੋਟ ਦਾ ਟੁੱਟਣਾ ਤੇ ਦੂਸਰਾ ਇਸ ਵਾਰ ਜ਼ਿਆਦਾ ਪਾਰਟੀਆਂ ਚੋਣ ਮੈਦਾਨ ਵਿੱਚ ਹੋਣ ਕਰਕੇ ਵੋਟਾਂ ਵੰਡੀਆਂ ਜਾ ਸਕਦੀਆਂ ਹਨ।
ਜੇਕਰ 2017 ਵਿਧਾਨ ਸਭਾ ਚੋਣਾਂ ਤੇ ਝਾਤ ਮਾਰੀਏ ਤਾਂ ਜਿਸ ਪਾਰਟੀ ਦੇ ਗੱਠਜੋੜ ਨਾਲ ਯਾਨੀ ਬੀਜੇਪੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਉਤਰਨਗੇ,ਵਲੋਂ ਪਿਛਲੀ ਵਾਰ ਰਜੇਸ਼ ਕੁਮਾਰ ਹਨੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ ,ਜਿਨ੍ਹਾਂ ਨੂੰ 17000 ਦੇ ਕਰੀਬ ਵੋਟ ਪਏ ਸਨ ਜਦ ਕਿ ਨਵਜੋਤ ਸਿੰਘ ਸਿੱਧੂ ਨੂੰ 60000 ਤੋਂ ਵੱਧ ਵੋਟ ਪਏ ਸਨl