ਉੱਘੇ ਸਮਾਜਸੇਵੀ, ਅੰਤਰਰਾਸ਼ਟਰੀ ਖੇਡ ਪ੍ਰਮੋਟਰ ਨੂੰ ਸੰਯੁਕਤ ਸਮਾਜ ਮੋਰਚਾ ਨੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ
ਰੂਪਨਗਰ, 19 ਜਨਵਰੀ 2022 - ਉੱਘੇ ਸਮਾਜਸੇਵੀ ਤੇ ਅੰਤਰਰਾਸ਼ਟਰੀ ਖੇਡ ਪ੍ਮੋਟਰ ਅਤੇ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੂੰ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਦਵਿੰਦਰ ਸਿੰਘ ਬਾਜਵਾ ਲਗਾਤਾਰ ਕਿਸਾਨ ਮੋਰਚੇ ਦੌਰਾਨ ਦਿੱਲੀ ਬਾਰਡਰ ਤੇ ਕਿਸਾਨਾਂ ਨਾਲ ਡੱਟੇ ਰਹੇ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਵਿੱਚ ਲੰਗਰ ਸੇਵਾ ਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਉਂਦੇ ਰਹੇ ਹਨ।
ਕਾਬਿਲੇਗੌਰ ਹੈ ਕਿ ਬਾਬਾ ਗਾਜੀ ਦਾਸ ਕਲੱਬ ਦੇ ਪ੍ਧਾਨ ਵਜੋਂ ਦਵਿੰਦਰ ਸਿੰਘ ਬਾਜਵਾ ਵਲੋਂ ਵੱਖ ਵੱਖ ਸਮਾਜਸੇਵੀ ਕਾਰਜਾਂ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾ ਰਿਹਾ ਹੈ। ਕਲੱਬ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ, ਖੂਨਦਾਨ ਕੈਂਪ, ਜ਼ਰੂਰਤਮੰਦ ਖਿਡਾਰੀਆਂ ਦੀ ਵਿੱਤੀ ਮੱਦਦ ਅਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਵਿੱਤੀ ਮੱਦਦ, ਸੋਨੇ ਦੇ ਸਿੱਕਿਆਂ ਨਾਲ ਸ਼ਹੀਦ ਕਿਸਾਨਾਂ ਅਤੇ ਫੌਜ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ, ਕਿਸਾਨੀ ਅੰਦੋਲਨ ਦੌਰਾਨ ਦਿੱਲੀ ਸਮੇਤ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਲੰਗਰ ਸਮੇਤ ਹੋਰ ਜ਼ਰੂਰੀ ਚੀਜਾਂ ਨਾਲ ਮੱਦਦ ਕੀਤੀ ਗਈ। ਦਵਿੰਦਰ ਸਿੰਘ ਬਾਜਵਾ ਦੇ ਰੂਪਨਗਰ ਹਲਕੇ ਤੋਂ ਉਮੀਦਵਾਰ ਬਣਨ ਨਾਲ ਸਮੂਹ ਕਿਸਾਨ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਥੇ ਹੀ ਦਵਿੰਦਰ ਸਿੰਘ ਬਾਜਵਾ ਨੇ ਸੰਯੁਕਤ ਸਮਾਜ ਮੋਰਚਾ ਵਲੋਂ ਉਨ੍ਹਾਂ ਨੂੰ ਰੂਪਨਗਰ ਹਲਕੇ ਤੋਂ ਉਮੀਦਵਾਰ ਬਣਾਉਣ ਲਈ ਧੰਨਵਾਦ ਕੀਤਾ ਗਿਆ ਹੈ।