ਨਕਲੀ ਫੌਜੀ ਅਤੇ ਕੁਰੱਪਸ਼ਨ ਦੇ ਦੋਸ਼ਾਂ ਨੂੰ ਲੈ ਕੇ ਨਿੱਜੀ ਦੁਸ਼ਣਬਾਜ਼ੀ ਦੀ ਜੰਗ ਨੇ ਮਾਲੇਰਕੋਟਲਾ ਦੇ ਚੋਣ ਅਖਾੜੇ ਨੂੰ ਕੀਤਾ ਗਰਮ
ਆਪ ਤੇ ਕਾਂਗਰਸ ਦੀਆਂ ਚੋਣ ਮੁਹਿੰਮਾਂ ਇੱਕ ਦੂਜੇ ਦੇ ਨਿੱਜੀ ਅਟੈਕ ਤੱਕ ਪਹੁੰਚੀਆਂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 21 ਜਨਵਰੀ, 2022: ਕਾਂਗਰਸ ਤੇ ਆਪ ਦੇ ਸਥਾਨਕ ਲੀਡਰਾਂ ਵਿਚਕਾਰ ਨਕਲੀ ਫੌਜੀ ਅਤੇ ਕੁਰੱਪਸ਼ਨ ਵਰਗੇ ਸੰਗੀਨ ਦੋਸ਼ਾਂ ਨੂੰ ਲੈ ਕੇ ਸ਼ੁਰੂ ਹੋਈ ਨਿੱਜੀ ਦੁਸ਼ਣਬਾਜ਼ੀ ਦੀ ਜੰਗ ਨੇ ਮਾਲੇਰਕੋਟਲੇ ਦਾ ਸਿਆਸੀ ਅਖਾੜੇ ਸ਼ੀਤ ਲਹਿਰ ਦੇ ਚੱਲਦਿਆਂ ਗਰਮ ਕਰ ਦਿੱਤਾ ਹੈ । ਪਿਛਲੇ ਦਿਨੀਂ ਆਪ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਆਗੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਨੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਬੁਲਾ ਕੇ ਆਪਣੇ ਉਪਰ ਕਾਂਗਰਸੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਝੂਠ ਦਾ ਪੁਲੰਦਾ ਦੱਸਦੇ ਹੋਏ ਉਲਟਾ ਸਥਾਨਕ ਕਾਂਗਰਸੀ ਉਮੀਦਵਾਰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾਂ ਦੇ ਨਿੱਜੀ ਪੀਏ. ‘ਤੇ ਕਥਿਤ ਕੁਰੱਪਸ਼ਨ ਤੇ ਕਮਿਸ਼ਨਖੋਰੀ ਕਰਨ ਦੇ ਵੱਡੇ-ਵੱਡੇ ਦੋਸ਼ ਲਗਾਉਂਦਿਆਂ ਇਮਾਨਦਾਰੀ ਦੇ ਦਾਅਵੇ ਕਰਨ ਵਾਲੇ ਮਾਲੇਰਕੋਟਲਾ ਹਾਉਸ ਨੂੰ ਹੀ ਲੋਕਾਂ ਦੀ ਕਚਹਿਰੀ ਅੰਦਰ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ।
ਜ਼ਿਕਰਯੋਗ ਕਿ ਇਕਬਾਲ ਫੌਜੀ ਦੇ ਕਾਂਗਰਸ ਛੱਡ ਕੇ ਆਪ ‘ਚ ਸ਼ਾਮਲ ਹੋਣ ਤੋਂ ਬੁਰੀ ਤਰ੍ਹਾਂ ਖਫਾ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਰਣਨੀਤੀਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਲੰਘੀ ਰਾਤ ਜਮਾਲਪੁਰਾ ਦੇ ਕੱਚਾ ਦਰਬਾਜ਼ਾ ਵਿਖੇ ਇਕਬਾਲ ਫੌਜੀ ਦੇ ਘਰ ਨੇੜੇ ਆਪਣੀ ਪਤਨੀ ਦੇ ਆਯੋਜਿਤ ਇੱਕ ਚੋਣ ਜਲਸੇ ਦੀ ਸਟੇਜ਼ ਤੋਂ ਬੋਲਦਿਆਂ ਜਿਥੇ ਇਕਬਾਲ ਫੌਜੀ ਨੂੰ ਇੱਕ ਨਕਲੀ ਫੌਜੀ ਤੱਕ ਕਹਿ ਕੇ ਸੰਬੋਧਨ ਕੀਤਾ ਉਥੇ ਇਕਬਾਲ ਫੋਜੀ ‘ਤੇ ਨਗਰ ਕੌਂਸਲ ਦਾ ਪ੍ਰਧਾਨ ਹੋਣ ਸਮੇਂ ਕਰੋੜਾਂ ਦੀ ਕੁਰੱਪਸ਼ਨ ਕਰਨ ਦੇ ਦੋਸ਼ ਲਗਾਉਂਦੇ ਹੋਏ ਫੌਜੀ ਦੀ ਪਤਨੀ ਮੌਜੂਦਾ ਕੌਂਸਲਰ ਸ਼ਫੀਆ ਇਕਬਾਲ ਤੱਕ ਨੂੰ ਵੀ ਮੁਸਤਫਾ ਨੇ ਨਹੀਂ ਬਖਸ਼ਿਆ।
ਮੁਸਤਫਾ ਦੇ ਉਕਤ ਦੋਸ਼ਾਂ ਦਾ ਜਵਾਬ ਦੇਣ ਲਈ ਹੀ ਸਾਬਕਾ ਪ੍ਰਧਾਨ ਇਕਬਾਲ ਫੌਜੀ ਨੇ ਆਪਣੀ ਪਤਨੀ ਸਮੇਤ ਵੱਡੀ ਗਿਣਤੀ ਆਪ ਆਗੂਆਂ ਦੀ ਹਾਜ਼ਰੀ ‘ਚ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਅਸਲੀ ਫੌਜੀ ਹੋਣ ਦਾ ਸਬੂਤ ਦਿੰਦਾ ਪੂਰਾ ਸਰਕਾਰੀ ਰਿਕਾਰਡ ਮੀਡੀਆ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਕਿ ਮੁਸਤਫਾ ਨੇ ਮੈਨੂੰ ਸ਼ਰੇਆਮ ਨਕਲੀ ਫੌਜੀ ਬੋਲ ਕੇ ਦੇਸ਼ ਦੀ ਨੇਵੀ ਦੇ ਸਾਬਕਾ ਸੈਨਿਕਾਂ ਦਾ ਅਪਮਾਨ ਕੀਤਾ ਹੈ। ਜਿਸਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਸਾਬਕਾ ਸੀਨੀਅਰ ਅਫਸਰਾਂ ਅਤੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਕੇ ਮੁਸਤਫਾ ਖਿਲਾਫ ਮਾਨਯੋਗ ਅਦਾਲਤ ਦਾ ਦਰਬਾਜ਼ਾ ਖੜਕਾਉਣਗੇ। ਮੁਸਤਫਾ ਵੱਲੋਂ ਲਗਾਏ ਗਏ ਕੁਰੱਪਸ਼ਨ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਇਕਬਾਲ ਫੌਜੀ ਨੇ ਕਿਹਾ ਕਿ ਮੈਂ ਪ੍ਰਧਾਨਗੀ ਕਾਰਜਕਾਲ ਦੌਰਾਨ ਜੇਕਰ ਨਗਰ ਕੌਂਸਲ ਅੰਦਰ ਇੱਕ ਪੈਸੇ ਦੀ ਵੀ ਕੁਰੱਪਸ਼ਨ ਕੀਤੀ ਹੋਵੇ ਜਾਂ ਕਮਿਸ਼ਨ ਲਿਆ ਹੋਵੇ ਤਾਂ ਕੋਈ ਸਬੂਤ ਦੇ ਦੇਵੇ ਮੈਂ ਹਰ ਤਰ੍ਹਾਂ ਦੀ ਸਜ਼ਾ ਭੁੱਗਤਣ ਲਈ ਤਿਆਰ ਹਾਂ।
ਇਕਬਾਲ ਫੌਜੀ ਨੇ ਮੁਸਤਫਾ ਨੂੰ ਲੋਕਾਂ ਦੀ ਭਰੀ ਕਚਹਿਰੀ ‘ਚ ਸਾਹਮਣੇ ਬੈਠ ਕੇ ਕੁਰੱਪਸ਼ਨ ਸਬੰਧੀ ਡਿਵੇਟ ਕਰਨ ਲਈ ਚੈਲੰਜ ਕਰਦਿਆਂ ਕਿਹਾ ਕਿ ਸਾਰਾ ਸ਼ਹਿਰ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਮੈਂ ਤਾਂ ਨਗਰ ਕੌਂਸਲ ‘ਚ ਸਿਰਫ ਖਾਲੀ ਰਬੜ ਦੀ ਮੋਹਰ ਵਾਲਾ ਹੀ ਪ੍ਰਧਾਨ ਸੀ, ਜਦ ਕਿ ਕੌਂਸਲ ਦਾ ਸਾਰਾ ਪ੍ਰਧਾਨਗੀ ਵਾਲਾ ਕੰਮਕਾਜ਼ ਤਾਂ ਖੁਦ ਮੁਸਤਫਾ ਦੀ ਮੰਤਰੀ ਪਤਨੀ ਦੇ ਪੀ.ਏ. ਸਾਹਿਬ ਹੀ ਕਥਿਤ ਚਲਾਉਂਦੇ ਸਨ।ਮੇਰੇ ਹੁਕਮ ‘ਤੇ ਤਾਂ ਕੌਂਸਲ ‘ਚ ਡੱਕਾ ਤੱਕ ਵੀ ਦੂਹਰਾ ਨਹੀਂ ਸੀ ਹੁੰਦਾ, ਮੈਂ ਕੁਰੱਪਸ਼ਨ ਕਿਸ ਤਰ੍ਹਾਂ ਕਰ ਸਕਦਾ ਹਾਂ। ਕਾਂਗਰਸੀ ਮਾਲੇਰਕੋਟਲਾ ਹਾਉਸ ਦੇ ਇੱਕ ਪੀ.ਏ. ‘ਤੇ ਹਰ ਮਹੀਨੇ ਨਗਰ ਕੌਂਸਲ ‘ਚੋਂ ਕਥਿਤ 42 ਹਜ਼ਾਰ ਰੁਪੈ ਲੈ ਕੇ ਜਾਣ ਤੱਕ ਦੇ ਦੋਸ਼ ਲਗਾਉਂਦਿਆਂ ਇਕਬਾਲ ਫੌਜੀ ਨੇ ਕਿਹਾ ਕਿ ਜੇਕਰ ਮਾਲੇਰਕੋਟਲਾ ਹਾਉਸ ਦੇ ਮੁਖੀ ਮੁਹੰਮਦ ਮੁਸਤਫਾ ‘ਚ ਹਿੰਮਤ ਹੈ ਤਾਂ ਉਹ ਲੋਕਾਂ ਦੀ ਭਰੀ ਕਚਹਿਰੀ ‘ਚ ਸਾਡੇ ਨਾਲ ਸਾਹਮਣੇ ਬੈਠ ਕੇ ਬਹਿਸ ਕਰ ਲਵੇ।
ਨਗਰ ਕੌਂਸਲ ਦੀ ਕੁਰੱਪਸ਼ਨ ਤੇ ਕਮਿਸ਼ਨਖੋਰੀ ਸਬੰਧੀ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ।ਮੁਸਤਫਾ ਵੱਲੋਂ ਲੰਘੀ ਰਾਤ ਭਰੀ ਸਟੇਜ਼ ਤੋਂ ਜੋ ਐਲਾਨ ਕੀਤਾ ਗਿਆ ਸੀ ਕਿ ਜਮਾਲਪੁਰਾ ਦੇ ਵਾਰਡ ਨੰਬਰ ਪੰਜ ਵਿਚੋਂ ਜੇਕਰ ਉਨ੍ਹਾਂ ਦੀ ਪਤਨੀ ਚੋਣ ਹਾਰ ਗਈ ਤਾਂ ਉਹ ਸਿਆਸਤ ਛੱਡ ਦੇਣਗੇ ਦੇ ਜਵਾਬ ‘ਚ ਇਕਬਾਲ ਫੌਜੀ ਨੇ ਕਿਹਾ ਕਿ ਮੁਸਤਫਾ ਕਾਂਗਰਸ ਦਾ ਉਮੀਦਵਾਰ ਨਹੀਂ ਹੈ, ਇਸ ਲਈ ਚੋਣ ਲੜ੍ਹ ਰਹੀ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾਂ ਜੇਕਰ ਖੁਦ ਆ ਕੇ ਇਹ ਐਲਾਨ ਕਰੇ ਤਾਂ ਮੈਂ ਉਨ੍ਹਾਂ ਦਾ ਚੈਲੰਜ ਕਬੂਲ ਕਰਦੇ ਹੋਏ ਐਲਾਨ ਕਰਦਾ ਹਾਂ ਕਿ ਜੇਕਰ ਰਜ਼ੀਆ ਸੁਲਤਾਨਾਂ ਮੇਰੇ ਪੰਜ ਨੰਬਰ ਵਾਰਡ ‘ਚੋਂ ਚੋਣ ਜਿੱਤ ਗਈ ਤਾਂ ਮੈਂ ਖੁਦ ਸਦਾ ਲਈ ਸਿਆਸਤ ਛੱਡ ਦਿਆਂਗਾ। ਇਕਬਾਲ ਫੌਜੀ ਨੇ ਸਪੱਸ਼ਟ ਕੀਤਾ ਕਿ ਮੇਰਾ ਦਾਮਨ ਚਿੱਟੀ ਚਾਦਰ ਵਾਂਗ ਬਿਲਕੁਲ ਸਾਫ ਹੈ।ਮੈਨੂੰ ਕਾਂਗਰਸੀ ਮਾਲੇਰਕੋਟਲਾ ਹਾਉਸ ਤੋਂ ਇਮਾਨਦਾਰੀ ਦਾ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ
।ਹੁਣ ਦੇਖਣਾ ਹੈ ਕਿ ਕੌਣ ਇਨ੍ਹਾਂ ਦੋਸ਼ਾਂ ‘ਚੋਂ ਚਿੱਟੇ ਦੁੱਧ ਵਾਂਗ ਸਾਫ ਹੋ ਕੇ ਨਿੱਤਰਦਾ ਹੈ । ਇਸ ਪ੍ਰੈਸ ਕਾਨਫਰੰਸ ਮੌਕੇ ਆਪ ਉਮੀਦਵਾਰ ਡਾ.ਜਮੀਲ-ਉਰ-ਰਹਿਮਾਨ, ਕਾਮਰੇਡ ਮੁਹੰਮਦ ਇਸਮਾਇਲ, ਮੁਹੰਮਦ ਇਸ਼ਹਾਕ ਸ਼ਾਕਾ (ਦੋਵੇਂ ਸਾਬਕਾ ਕੌਂਸਲ ਪ੍ਰਧਾਨ), ਕੌਂਸਲਰ ਸ਼ਫੀਆ ਇਕਬਾਲ, ਜਾਵੇਦ ਸ਼ਾਕਾ, ਗੁਲਜ਼ਾਰ ਪ੍ਰਾਪਰਟੀ ਡੀਲਰ ,ਦਰਸ਼ਨਪਾਲ ਰਿਖੀ ,ਸ਼ਮਸੁਦੀਨ ਚੌਧਰੀ ਸਮੇਤ ਕਈ ਹੋਰ ਪਤਵੰਤੇ ਆਗੂ ਵੀ ਹਾਜ਼ਰ ਸਨ।