ਕਿਸਾਨ ਜਥੇਬੰਦੀਆ ਨੇ ਸੰਯੁਕਤ ਸਮਾਜ ਮੋਰਚਾ ਵਲੋਂ ਬਾਜਵਾ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ
ਸੰਯੁਕਤ ਸਮਾਜ ਮੋਰਚਾ ਤੇ ਟਿਕਟਾ ਦੇਣ ਬਦਲੇ ਮੋਟੇ ਪੈਸੇ ਲੈਣ ਦਾ ਦੋਸ਼ ਲਾਇਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 21 ਜਨਵਰੀ 2022- ਰੂਪਨਗਰ ਜ਼ਿਲ੍ਹੇ ਦੀਆ ਵੱਖ ਵੱਖ ਕਿਸਾਨ ਜਥੇਬੰਦੀਆ ਨੇ ਸੰਯੁਕਤ ਸਮਾਜ ਮੋਰਚਾ ਤੇ ਟਿਕਟਾ ਦੇਣ ਬਦਲੇ ਮੋਟੇ ਪੈਸੇ ਲੈਣ ਦਾ ਦੋਸ਼ ਲਾਇਆ ਹੈ। ਟੌਲ ਪਲਾਜ਼ਾ ਸੋਲਖੀਆ ਵਿਖੇ ਕਿਰਤੀ ਕਿਰਤੀ ਕਿਸਾਨ ਮੌਰਚਾ,ਕਿਸਾਨ ਯੂਨੀਅਨ ਖੌਸਾ,ਸੀਟੂ ਆਦਿ ਦੇ ਆਗੂ ਕੁਲਵੰਤ ਸਿੰਘ ਸਰਾੜੀ,ਕਾਮਰੇਡ ਗੁਰਦੇਵ ਸਿੰਘ ਬਾਗੀ,ਦਲਜੀਤ ਸਿੰਘ ਗਿੱਲ,ਰੁਪਿੰਦਰ ਸਿੰਘ ਰੂਪਾ ਨੇ ਕਿਹਾਕਿ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸੰਯੁਕਤ ਕਿਸਾਨ ਮੌਰਚਾ ਨੇ ਕਾਗਰਸੀ ਆਗੂ ਦਵਿੰਦਰ ਸਿੰਘ ਬਾਜਵਾ ਨੂੰ ਟਿਕਟ ਦੇ ਕੇ ਕਿਸਾਨਾ ਦੀ ਪਿੱਠ ‘ਤੇ ਛੁਰਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਨੇ ਟਿਕਟ ਦੇਣ ਤੋਂ ਪਹਿਲਾ ਰੂਪਨਗਰ ਜ਼ਿਲ੍ਹੇ ਦੀ ਕਿਹੜੀ ਕਿਸਾਨ ਜਥੇਬੰਦੀ ਨਾਲ ਸਲਾਹ ਕੀਤੀ ਇਸ ਬਾਰੇ ਦੱਸਣ। ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸੜਕ ਦੇ ਰੁਲਣ ਵਾਲਿਆ ਨੂੰ ਅਣਗੋਲਿਆ ਕਰਕੇ ਸੰਯੁਕਤ ਮੌਰਚਾ ਮੋਟੇ ਪੈਸੇ ਲੈ ਕੇ ਦਵਿੰਦਰ ਬਾਜਵਾ ਵਰਗੇ ਆਗੂਆ ਨੂੰ ਟਿਕਟ ਦੇ ਰਿਹਾ ਹੈ। ਜਿਸ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਤੇ ਆਪ ਤੇ ਮੌਜੂਦਾ ਸਮੇਂ ਵਿਚ ਕਾਾਂਗਰਸ ਦਾ ਹੈ। ਆਗੂਆ ਨੇ ਦਵਿੰਦਰ ਬਾਜਵਾ ਦੀਆ ਵੱਖ ਵੱਖ ਸਮਿਆ ਦੀਆ ਤਸਵੀਰਾ ਵੀ ਹੱਥਾ ਵਿਚ ਫੜ ਕੇ ਸੰਯਕਤ ਸਮਾਜ ਮੌਰਚੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆ ਨੇ ਕਿਹਾਕਿ ਬਲਬੀਰ ਸਿੰਘ ਰਾਜੇਵਾਲ ਨੇ ਜੇ ਅਕਾਲੀ ਕਾਂਗਰਸੀਆ ਤੋਂ ਪੈਸੇ ਲੈ ਕੇ ਟਿਕਟ ਦੇਣੀਆਂ ਸਨ ਤਾਂ ਕਿਸਾਨਾ ਨੂੰ ਦਿੱਲੀ ਦੀਆ ਬਰੂਹਾ ‘ਤੇ ਬੈਠ ਕੇ ਝੂਠ ਨਹੀਂ ਸੀ ਬੋਲਣਾ ਚਾਹੀਦਾ। ਜ਼ਿਕਰਯੋਗ ਹੈ ਕਿ ਦਸੰਬਰ 2021 ਵਿਚ ਦਵਿੰਦਰ ਸਿੰਘ ਰੋਡਮਾਜਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਬਾਜਵਾ ਨੂੰ ਹੁਣ ਸੰਯੁਕਤ ਸਮਾਜ ਮੋਰਚਾ ਨੇ ਰੂਪਨਗਰ ਹਲਕੇ ਤੋ ਉਮੀਦਵਾਰ ਐਲਾਨਿਆ ਹੈ ਅਤੇ ਬਾਜਵਾ ਦਾ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ।