ਗੌਰਵ ਕੱਕੜ ਨੂੰ ਫਰੀਦਕੋਟ ਵਿਧਾਨਸਭਾ ਤੋਂ ਬੀਜੇਪੀ ਟਿਕਟ ਮਿਲਣ ਤੇ ਚੋਣ ਮੁਕਾਬਲਾ ਹੋਇਆ ਦਿਲਚਸਪ
ਦੀਪਕ ਗਰਗ
ਫਰੀਦਕੋਟ 21 ਜਨਵਰੀ 2022 - ਫਰੀਦਕੋਟ ਵਿਧਾਨਸਭਾ ਹਲਕੇ ਤੋਂ ਚਾਰੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂਅ ਦੀ ਘੋਸ਼ਣਾ ਤੋਂ ਬਾਅਦ ਇਥੇ ਚੋਣ ਮੁਕਾਬਲਾ ਦਿਲਚਸਪ ਹੋ ਗਿਆ ਹੈ। ਫਰੀਦਕੋਟ ਵਿਧਾਨਸਭਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਕਾਂਗਰਸ ਵਲੋਂ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ, ਆਮ ਆਦਮੀ ਪਾਰਟੀ ਵਲੋਂ ਗੁਰਦਿੱਤ ਸਿੰਘ ਸੇਖੋਂ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਗੌਰਵ ਕੱਕੜ ਨੂੰ ਉਮੀਦਵਾਰ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਚਾਹੇ ਕੁਝ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂਅ ਵੀ ਸਾਮਣੇ ਆ ਸਕਦੇ ਹਨ। ਪਰ ਮੁੱਖ ਮੁਕਾਬਲਾ ਇਨ੍ਹਾਂ ਚਾਰ ਉਮੀਦਵਾਰਾਂ ਵਿੱਚ ਹੀ ਰਹੇਗਾ। ਇਨ੍ਹਾਂ ਚਾਰਾਂ ਵਿਚੋਂ ਗੌਰਵ ਕੱਕੜ ਪਹਿਲੀ ਬਾਰ ਕੋਈ ਚੋਣ ਲੜ ਰਿਹਾ ਹੈ। ਜਦੋਂਕਿ ਬਾਕੀ 3 2017 ਦੀਆਂ ਵਿਧਾਨਸਭਾ ਚੋਣਾਂ ਮੌਕੇ ਵੀ ਮੁੱਖ ਮੁਕਾਬਲੇ ਵਿੱਚ ਰਹੇ ਸੀ।
2017 ਦੀਆਂ ਚੋਣਾਂ ਵਿਚ ਇਥੋਂ 9 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ। ਉਦੋਂ ਕਾਂਗਰਸ ਦੇ ਉਮੀਦਵਾਰ ਕਿੱਕੀ ਢਿਲੋਂ 51047 ਵੋਟਾਂ ਪ੍ਰਾਪਤ ਕਰਕੇ ਵਿਧਾਇਕ ਬਣੇ ਸਨ। ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸੇਖੋਂ ਨੂੰ 39367 ਵੋਟ ਮਿਲੇ ਸੀ। ਤੀਜੇ ਨੰਬਰ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੰਟੀ ਰੋਮਾਣਾ ਨੂੰ 32612 ਵੋਟ ਮਿਲੇ ਸੀ। ਬਹੁਜਨ ਸਮਾਜ ਪਾਰਟੀ ਦੇ ਗੁਰਬਖਸ਼ ਸਿੰਘ ਚੌਹਾਨ ਨੂੰ 1031 ਵੋਟ, ਅਪਣਾ ਪੰਜਾਬ ਪਾਰਟੀ ਦੇ ਹਰਦੀਪ ਸਿੰਘ ਕਿੰਗਰਾ ਨੂੰ 456 ਵੋਟ , ਆਜਾਦ ਉਮੀਦਵਾਰ ਬੰਟੀ ਨੂੰ 374, ਡੇਮੋਕ੍ਰੇਟਿਵ ਸਵਰਾਜ ਪਾਰਟੀ ਦੀ ਰਵਿੰਦਰ ਪਾਲ ਕੌਰ ਨੂੰ 316 ਵੋਟ, ਆਜਾਦ ਉਮੀਦਵਾਰ ਪ੍ਰੇਮ ਸਿੰਘ ਸਫਰੀ ਨੂੰ 271, ਆਜਾਦ ਉਮੀਦਵਾਰ ਡਾਕਟਰ ਜੀਵਨ ਜੋਤ ਕੌਰ ਨੂੰ 208 ਵੋਟ ਮਿਲੇ ਸੀ। ਜਦੋਂਕਿ 759 ਵੋਟਰਾਂ ਨੇ ਨੋਟਾ ਵਾਲਾ ਬੱਟਨ ਦੱਬਿਆ ਸੀ। ਕੁਲ 126420 ਵੋਟ ਪੋਲ ਹੋਏ ਸੀ।