ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਬਣੇ ਹਰਜੀਤ ਸਿੰਘ ਲੌਂਗੀਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 22 ਜਨਵਰੀ 2022- ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਹਰਜੀਤ ਸਿੰਘ ਲੌਂਗੀਆ ਉਪ ਪ੍ਰਧਾਨ ਬਸਪਾ ਪੰਜਾਬ ਨੂੰ ਸੂਬੇ ਦਾ ਇੰਚਾਰਜ ਲਗਾਇਆ ਗਿਆ। ਇਹ ਨਿਯੁਕਤੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ-ਹਰਿਆਣਾ-ਚੰਡੀਗੜ੍ਹ ਨੇ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਜੀਤ ਸਿੰਘ ਲੌਂਗੀਆ ਦੇ ਪਾਰਟੀ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਕੀਤੀ ਗਈ। ਇਸ ਨਿਯੁਕਤੀ ਨਾਲ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਸੈਣੀ ਬਰਾਦਰੀ ਦਾ ਮਾਣ-ਸਨਮਾਨ ਵਧਿਆ।
ਇਸ ਮੌਕੇ ਲੌਂਗੀਆ ਨੇ ਬਸਪਾ ਸੁਪਰੀਮੋਂ ਭੈਣ ਕੁਮਾਰੀ ਮਾਇਆਵਤੀ, ਰਣਧੀਰ ਸਿੰਘ ਬੈਨੀਪਾਲ ਅਤੇ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਬਖਸ਼ੀ ਗਈ ਹੈ, ਉਸ ਨੂੰ ਤਨ-ਦੇਹੀ ਨਾਲ ਦਿਨ-ਰਾਤ ਇੱਕ ਕਰਕੇ ਨਿਭਾਵਾਂਗਾ। ਇਸ ਮੌਕੇ ਉਹਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਲੋਕ-ਪੱਖੀ ਸਰਕਾਰ ਬਣਾਉਣ ਜਾ ਰਹੇ ਹਨ।
ਲੌਂਗੀਆ ਦੀ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਮਾਸਟਰ ਜਸਵੰਤ ਸਿੰਘ ਸੈਣੀ ਮਲਕਪੁਰ ਜ਼ਿਲ੍ਹਾ ਕਨਵੀਨਰ ਬਸਪਾ ਭਾਈਚਾਰਾ ਕਮੇਟੀ, ਮੋਹਣ ਸਿੰਘ ਮੁਹੰਮਦੀਪੁਰ, ਸੁਖਬੀਰ ਸਿੰਘ ਤੰਬੜ, ਅਮਨਪ੍ਰੀਤ ਸਿੰਘ ਕਾਬੜਵਾਲ, ਬੀਬੀ ਪਰਮਜੀਤ ਕੌਰ ਸੈਣੀ ਸਾਬਕਾ ਸਰਪੰਚ ਥਲੀ ਖੁਰਦ ਅਤੇ ਮਨਿੰਦਰ ਸਿੰਘ ਸੈਣੀ ਆਦਿ ਨੇ ਵੀ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।