ਇੱਕੋ ਪਰਿਵਾਰ ਦੇ ਮੈਂਬਰਾਂ ਵਿਚਕਾਰ ਸੈਕਸ ਸੰਬੰਧਾਂ ਤੇ ਪਾਬੰਦੀ ਲੱਗੇਗੀ ਫਰਾਂਸੀ 'ਚ
ਰਛਪਾਲ ਸਹੋਤਾ,
ਸਿਨਸਿਨੈਟੀ, ਯੂ ਐਸ ਏ , 23 ਜਨਵਰੀ , 2022:
ਫਰਾਂਸ ਦੇ ਇੱਕ ਨਵੇਂ ਬਣ ਰਹੇ ਕਾਨੂੰਨ ਮੁਤਾਬਕ ਹੁਣ ਇੱਕੋ ਪਰਿਵਾਰ ਵਿਚਲੇ ਸਾਰੇ ਸੈੱਕਸੂਅਲ ਸਬੰਧਾਂ ( ਇਨਸੈਸਟੂਅਸ ) ਰਿਸ਼ਤੇ, ਗੈਰ ਕਾਨੂੰਨੀ ਬਣ ਜਾਣਗੇ। ਨਵੇਂ ਤਜਵੀਜ਼ ਕੀਤੇ ਗਏ ਕਨੂੰਨ ਦੇ ਮੁਤਾਬਕ ਕਜ਼ਿਨਜ਼ (ਮਤਲਬ ਚਾਚੇ ਤਾਏ, ਮਾਸੀ, ਮਾਮੇ ਭੂਆ ਆਦਿਕ ਦੇ ਬੱਚੇ) ਹਾਲਾਂ ਵੀ ਇੱਕ ਦੂਜੇ ਨਾਲ ਵਿਆਹ ਕਰਵਾ ਸਕਣਗੇ, ਪਰ ਮਤੇਰੇ ਭੈਣ ਭਰਾਵਾਂ ਵਿਚਕਾਰ ਸਰੀਰਕ ਸੰਬੰਧਾਂ ਤੇ ਰੋਕ ਹੋਵੇਗੀ ਜਾਂ ਨਹੀਂ, ਇਸ ਬਾਰੇ ਕਾਨੂੰਨ ਬਹੁਤਾ ਸਾਫ਼ ਨਹੀਂ ਦਿਸ ਰਿਹਾ। ਫਰਾਂਸ ਵਿੱਚ ਇਨਸੈਸਟ ਦੀ ਕੋਈ ਕਨੂੰਨੀ ਮਨਾਹੀ ਨਹੀਂ ਸੀ - ਸਿਰਫ਼ ਇੱਕੋ ਸ਼ਰਤ ਸੀ ਕਿ ਇਨਸੈਸਟ ਕਰਨ ਵਾਲੀਆਂ ਧਿਰਾਂ ਵਿੱਚੋਂ ਇੱਕ ਧਿਰ ਬਾਲਗ ਤੇ ਦੂਜੀ ਨਾਬਾਲਗ ਨਾ ਹੋਵੇ।
ਇਨਸੈਸਟ ਅੰਗਰੇਜ਼ੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਇੱਕੋ ਪਰਿਵਾਰ ਦੇ ਮੈਂਬਰਾਂ - ਜਿਵੇਂ ਸਕੇ ਭੈਣ ਭਰਾਵਾਂ, ਪੁੱਤਰ ਮਾਂ, ਪਿਓ ਧੀ, ਆਦਿਕ ਰਿਸ਼ਤਿਆਂ ਵਿਚਕਾਰ ਸਰੀਰਕ ( ਸੈਕਸੂਅਲ) ਸੰਬੰਧ ਹੋਣਾ। ਕੁੱਝ ਕੁ ਇੱਕੜ ਦੁੱਕੜ, ਦੂਰ ਨਵੇਕਲੀਆਂ ਥਾਂਵਾਂ ਤੇ ਵਸਦੇ ਨਿੱਕੇ ਨਿੱਕੇ ਸਮਾਜਕ ਭਾਈਚਾਰਿਆਂ ਤੋਂ ਬਿਨਾਂ, ਸਾਰੀ ਦੁਨੀਆਂ ਵਿੱਚ ਇਨਸੈਸਟ ਦੀ ਮਨਾਹੀ ਹੈ। ਪਰ ਕਿਓਂਕਿ ਇਹ ਮਨਾਹੀ ਸਮਾਜਕ ਪੱਧਰ ਤੇ ਹੁੰਦੀ ਹੀ ਹੈ, ਇਸ ਦੀ ਕਨੂੰਨੀ ਲੋੜ ਸੌਖਿਆਂ ਹੀ ਅਣਗੌਲੀ ਹੋ ਸਕਦੀ ਹੈ, ਫਰਾਂਸ ਵਿੱਚ ਵੀ ਇਸ ਕਨੂੰਨ ਦਾ ਨਾਂ ਬਣਨ ਦਾ ਕਾਰਨ ਵੀ ਸ਼ਾਇਦ, ਇਸੇ ਤਰਾਂ ਦੀ ਅਣਗੌਲੀ ਹੀ ਸੀ। ਪਰੰਤੂ ਫਰਾਂਸ ਅਜਿਹਾ ਇਕੱਲਾ ਮੁਲਕ ਨਹੀਂ ਹੈ; 'ਵਰਲਡ ਪੌਪੂਲੇਸ਼ਨ ਰਿਵਿਊ ਦੀ ਰਿਪੋਰਟ ਮੁਤਾਬਕ, ਬੈਲਜੀਅਮ, ਲਗਜ਼ਮਬਰਗ, ਬਰਾਜ਼ੀਲ, ਸਾਊਥ ਕੋਰੀਆ, ਜਾਪਾਨ ਤੇ ਇੰਡੀਆ ਵਰਗੇ ਮੁਲਕਾਂ ਵਿੱਚ ਵੀ ਇਨਸੈਸਟ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹਨ।
ਬੱਚੇ ਇਨਸੈਸਟ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ, ਕਿਉਂਕਿ ਬੱਚਿਆਂ ਨੂੰ ਸਭ ਤੋਂ ਵੱਧ ਆਪਣੇ ਘਰ ਵਾਲਿਆਂ ਤੇ ਵਿਸ਼ਵਾਸ ਹੋਣ ਕਰਕੇ ਅਕਸਰ ਉਹਨਾਂ ਨੂੰ ਅਜਿਹੇ ਸੰਬੰਧਾਂ ਦੇ ਗ਼ਲਤ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ। ਜੇਕਰ ਅਹਿਸਾਸ ਹੁੰਦਾ ਵੀ ਹੈ ਤਾਂ ਉਹਨਾਂ ਕੋਲ ਭੱਜ ਕੇ ਜਾਣ ਨੂੰ ਕੋਈ ਥਾਂ ਨਹੀਂ ਹੁੰਦੀ।
ਇੱਕ ਸਰਵੇ ਮੁਤਾਬਕ ਫਰਾਂਸ ਵਿੱਚ ਹਰੇਕ ਦਸ ਜਣਿਆਂ ਵਿੱਚੋਂ ਇੱਕ ਵਿਅਕਤੀ ਇਨਸੈਸਟ ਦਾ ਸ਼ਿਕਾਰ ਬਣਦਾ ਹੈ ਅਤੇ ਇਹਨਾਂ ਮਜ਼ਲੂਮਾਂ ਚੋਂ 78 ਪ੍ਰਤੀਸ਼ਤ ਔਰਤਾਂ ਹੁੰਦੀਆਂ ਨੇ। 2009 ਵਿੱਚ ਫਰਾਂਸ ਦੀ ਤਿੰਨ ਪ੍ਰਤੀਸ਼ਤ (20 ਲੱਖ) ਆਬਾਦੀ ਇਨਸੈਸਟ ਦਾ ਸ਼ਿਕਾਰ ਹੋਈ ਸੀ ਅਤੇ 2020 ਵਿੱਚ ਇਹ ਗਿਣਤੀ ਵਧ ਕੇ 10 ਫ਼ੀਸਦੀ (67 ਲੱਖ) ਤੇ ਪਹੁੰਚ ਗਈ।
ਇਹ ਵੀ ਪੜ੍ਹੋ :
ਇਨਸੈਸਟ ਦੇ ਸ਼ਿਕਾਰ ਮਜ਼ਲੂਮ ਮਾਨਸਿਕ ਰੋਗਾਂ ਦੇ ਨਾਲ ਨਾਲ, ਡਿਪ੍ਰੈਸ਼ਨ, ਆਤਮਘਾਤ, ਨਸ਼ੇੜੀਪੁਣਾ ਆਦਿਕ ਬਿਮਾਰੀਆਂ ਦੇ ਰੋਗੀ ਬਣਦੇ ਨੇ। ਇੱਕ ਸਟੱਡੀ ਮੁਤਾਬਕ ਜਿਹੜੀਆਂ ਔਰਤਾਂ ਬਚਪਨ ਵਿੱਚ ਇਨਸੈਸਟ ਦਾ ਸ਼ਿਕਾਰ ਹੋਈਆਂ ਹੋਣ, ਉਹਨਾਂ ਨੂੰ ਆਪਣੀ ਬਾਲਗ ਉਮਰ ਵਿੱਚ ਵੀ ਸਰੀਰਕ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਰਾਂਸ ਵਿੱਚ ਇੱਕ ਮਸ਼ਹੂਰ ਕੇਸ ਹੋਇਆ ਸੀ ਜਿਸ ਵਿੱਚ ਓਲੀਵੀਅਰ ਦੁਹਾਮਲ ਨਾਂ ਦੇ ਇਕ ਪ੍ਰਸਿੱਧ ਪੁਲਿਟੀਕਲ ਸਾਇੰਸ ਵਿਗਿਆਨੀ ਉੱਤੇ ਉਸ ਦੀ ਮਤ੍ਰੇਈ ਕੁੜੀ ਨੇ ਦੋਸ਼ ਲਾਇਆ ਸੀ ਕਿ ਵਿਗਿਆਨੀ ਨੇ ਕੁੜੀ ਦੇ 14 ਸਾਲਾ ਜੁੜਵੇਂ ਭਰਾ ਨਾਲ ਅਜਿਹਾ ਅਤਿਆਚਾਰ ਕੀਤਾ ਸੀ। ਉਸ ਕੇਸ ਤੋਂ ਪ੍ਰਭਾਵਿਤ ਹੋਕੇ ਪਿਛਲੀ ਜਨਵਰੀ ਵਿੱਚ ਫਰਾਂਸ ਦੇ ਪ੍ਰਧਾਨ ਮੰਤਰੀ ਈਮੈਨਿਅੂਲ ਮੈਕਰੌਨ ਨੇ ਇਹ ਸੁਧਾਰ ਕਰਨ ਦਾ ਬੀੜਾ ਚੁੱਕਿਆ ਸੀ।