ਕਾਂਗਰਸ ਅਤੇ ਭਾਜਪਾ ਇੱਕ- ਦੂਜੇ ਦੀਆਂ ਹੀ ‘ਬੀ’ ਪਾਰਟੀ: ਸਤਿੰਦਰ ਜੈਨ
- ਕਿਹਾ, ‘ਆਪ’ ਦੀ ਸਰਕਾਰ ਆਉਣ ’ਤੇ ਪੰਜਾਬ ਵਿੱਚ ਉਦਯੋਗ ਅਤੇ ਸਿਹਤ ਸੇਵਾਵਾਂ ਵਿੱਚ ਕੀਤਾ ਜਾਵੇਗਾ ਸੁਧਾਰ
- ਕਿਹਾ, ‘ਆਪ’ ਆਮ ਆਦਮੀ ਨੂੰ ਆਮ ਆਦਮੀ ਬਣ ਕੇ ਕੰਮ ਕਰਨ ਲਈ ਲਿਆਉਂਦੀ ਹੈ ਅੱਗੇ
- ਦਾਖਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਕੇ.ਐਨ.ਐਸ. ਕੰਗ ਨੂੰ ਲੋਕ ਭਾਰੀ ਬਹੁਮਤ ਨਾਲ ਜਿਤਾਉਣ ਲਈ ਬੇਕਰਾਰ: ਸਤਿੰਦਰ ਜੈਨ
ਲੁਧਿਆਣਾ, 23 ਜਨਵਰੀ 2022 - ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦੀ ਜਨਤਾ ‘ਆਪ’ ਨੂੰ ਪੂਰੇ ਬਹੁਮਤ ਨਾਲ ਜੇਤੂ ਬਣਾਉਣ ਲਈ ਦ੍ਰਿੜ ਸੰਕਲਪ ਹੈ। ਆਮ ਆਦਮੀ ਪਾਰਟੀ ਦਾ ਸੱਭਿਆਚਾਰ ਹੈ ਕਿ ਆਮ ਆਦਮੀ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਉਹ ਆਮ ਆਦਮੀ ਬਣ ਕੇ ਕੰਮ ਕਰੇ। ਅਜਿਹਾ ਦਿੱਲੀ ਵਿੱਚ ਕੀਤਾ ਹੈ ਅਤੇ ਹੁਣ ਪੰਜਾਬ ਵਿੱਚ ਵੀ ਕਰਾਂਗੇ। ਇਸੇ ਆਧਾਰ ’ਤੇ ‘ਆਪ’ ਨੇ ਦਾਖਾ ਵਿਧਾਨ ਸਭਾ ਹਲਕੇ ਲਈ ਕੇ.ਐਨ.ਐਸ. ਕੰਗ ਨੂੰ ਵਿਧਾਨ ਸਭਾ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੂਰੇ ਪੰਜਾਬ ਵਿੱਚ ਉਦਯੋਗਾਂ ਦੀ ਹਾਲਤ ਚੰਗੀ ਨਹੀਂ ਹੈ, ਇੱਥੋਂ ਦਾ ਪੂਰਾ ਉਦਯੋਗ ਕਾਫੀ ਪਿਛੜ ਗਿਆ ਹੈ ਅਤੇ ਪੰਜਾਬ ਦੇ ਉਦਯੋਗ ਨੂੰ ਅੱਜ ਜਿੱਥੇ ਹੋਣਾ ਚਾਹੀਦਾ ਸੀ , ਉਥੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀ ਇੱਥੋਂ ਦੇ ਉਦਯੋਗ ਨੂੰ ਤੰਗ ਨਹੀਂ ਕਰਾਂਗੇ। ਹੁਣ ਤੱਕ ਪੰਜਾਬ ਦੀਆਂ ਸਰਕਾਰਾਂ ਇੱਥੇ ਦੇ ਉਦਯੋਗ ਨੂੰ ਉਤਸਾਹਤ ਕਰਨ ਦੀ ਬਜਾਏ ਤੰਗ ਜ਼ਿਆਦਾ ਕਰਦੀਆਂ ਹਨ। ਅਜਿਹੇ ਵਿੱਚ ਪੰਜਾਬ ਦੇ ਲੋਕ ਦੂਜੇ ਰਾਜਾਂ ਵਿੱਚ ਜਾ ਰਹੇ ਹਨ ਅਤੇ ਉਥੇ ਜਾ ਕੇ ਉਦਯੋਗ ਲਾ ਰਹੇ ਹਨ। ਉਹ ਅਜਿਹਾ ਮਹੌਲ ਪੈਦਾ ਕਰਨਗੇ ਕਿ ਇੱਥੋਂ ਦਾ ਉਦਯੋਗ ਬਿਨ੍ਹਾਂ ਕਿਸੇ ਡਰ- ਭੈਅ ਜਾਂ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣਾ ਕੰਮ ਕਰ ਸਕੇਗਾ।
ਸਤਿੰਦਰ ਜੈਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੇਵਾ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਜੈਨ ਨੇ ਦੱਸਿਆ ਕਿ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਗਏ ਸਨ ਅਤੇ ਉਥੇ ਪ੍ਰਾਪਤ ਸਿਹਤ ਸੇਵਾਵਾਂ ਦੇਖ ਕੇ ਦੰਗ ਰਹਿ ਗਏ ਸਨ। ਇਸ ਵਿੱਚ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇੱਥੇ ਹਰ ਪਿੰਡ ਵਿੱਚ ‘ਪਿੰਡ ਕਲੀਨਿਕ’ ਖੋਲ੍ਹੇ ਜਾਣਗੇ ਅਤੇ ਰਾਜ ਦੇ ਸਾਰੇ ਨਾਗਰਿਕਾਂ ਦੀ ਤੰਦਰੁਸਤੀ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਰਾਜ ਦੇ ਲੋਕਾਂ ਦੀ ਸਿਹਤ ਦਾ ਧਿਆਨ ਰੱਖੇ ਤਾਂ ਰਾਜ ਦਾ ਧਿਆਨ ਉਥੇ ਦੀ ਜਨਤਾ ਖੁਦ ਹੀ ਰੱਖ ਲਵੇਗੀ।
ਸਤਿੰਦਰ ਜੈਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਅਤੇ ਭਾਜਪਾ ਦੋਵੇਂ ‘ਆਪ’ ਨੂੰ ਇੱਕ ਦੂਜੇ ਦੀ ‘ਬੀ’ ਟੀਮ ਹੋਣ ਦੀ ਬਿਆਨਬਾਜੀ ਕਰ ਰਹੀਆਂ ਹਨ, ਜਦੋਂ ਕਿ ਸੱਚ ਇਹ ਹੈ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਇੱਕ- ਦੂਜੇ ਦੀਆਂ ‘ਬੀ’ ਪਾਰਟੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਬਾਕੀ ਸਾਰੀਆਂ ਪਾਰਟੀਆਂ ਅੰਦਰ ਖਾਤੇ ਇੱਕਜੁਟ ਹੋ ਕੇ ਯਤਨ ਕਰ ਰਹੀਆਂ ਹਨ, ਪਰ ਪੰਜਾਬ ਦੀ ਜਨਤਾ ਇਸ ਵਾਰ ਇਨਾਂ ਪਾਰਟੀਆਂ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੀ ਅਤੇ ਆਮ ਆਦਮੀ ਪਾਰਟੀ ਨੂੰ ਪੂਰੇ ਬਹੁਮਤ ਨਾਲ ਜੇਤੂ ਬਣਾ ਕੇ ਸਰਕਾਰ ਬਣਾਉਣ ਦਾ ਮੌਕਾ ਦੇਣ ਲਈ ਤਿਆਰ ਬੈਠੀ ਹੈ।