ਡਾ ਕੁਲਵੰਤ ਰਾਏ ਪੰਡੋਰੀ ਦਾ ਸ਼ਰਧਾਂਜਲੀ ਸਮਾਗਮ 28 ਜਨਵਰੀ ਨੂੰ ਬਾਬਾ ਕਾਲਾ ਮਾਹਿਰ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ
ਕਮਲਜੀਤ ਸਿੰਘ ਸੰਧੂ
ਬਰਨਾਲਾ 24 ਜਨਵਰੀ 2022- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ ਕੁਲਵੰਤ ਰਾਏ ਦਾ ਸ਼ਰਧਾਂਜਲੀ ਸਮਾਗਮ 28 ਜਨਵਰੀ ਬਾਬਾ ਕਾਲਾ ਮਾਹਿਰ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ ਹੋਵੇਗਾ। ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪੑਧਾਨ ਡਾ ਧੰਨਾ ਮੱਲ ਗੋਇਲ, ਡਾ ਐਚ ਐਸ ਰਾਣੂ, ਡਾ ਗੁਰਮੇਲ ਸਿੰਘ ਮਾਛੀਕੇ, ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ, ਭਾਕਿਯੂ ਏਕਤਾ ਡਕੌਂਦਾ ਦੇ ਆਗੂ ਗੁਰਮੀਤ ਸਿੰਘ ਬਰਨਾਲਾ ਨੇ ਡਾ ਕੁਲਵੰਤ ਰਾਏ ਪੰਡੋਰੀ ਦੀ ਜੀਵਨ ਸਾਥਣ ਭੈਣ ਅੰਗੂਰੀ ਦੇਵੀ, ਬੇਟੇ ਰਾਜੀਵ ਅਤੇ ਬਲਵਿੰਦਰ ਕੁਮਾਰ ਨਾਲ ਦੁੱਖ ਸਾਂਝਾ ਕੀਤਾ।
ਆਗੂਆਂ ਪੑੀਵਾਰ ਨਾਲ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਡਾ ਕੁਲਵੰਤ ਰਾਏ ਪੰਡੋਰੀ ਹੋਰਾਂ ਨੇ ਭਰ ਜਵਾਨੀ ਦੀ ਅਵਸਥਾ ਤੋਂ ਲੈਕੇ ਅੰਤਿਮ ਸਾਹਾਂ ਤੱਕ ਵੱਖੋ ਵੱਖ ਖੇਤਰਾਂ ਵਿੱਚ ਇੱਕ ਸਾਧਾਰਣ ਵਰਕਰ ਤੋਂ ਸਫ਼ਰ ਸ਼ੁਰੂ ਕਰਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਸੂਬਾਈ ਜਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜਬਰ ਵਿਰੋਧੀ ਘੋਲਾਂ ਵਿੱਚ ਵੀ ਅਹਿਮ ਜਿੰਮੇਵਾਰੀ ਨਿਭਾਈ ਹੈ।
ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਪੂਰੀ ਦੑਿੜਤਾ ਨਾਲ 24 ਸਾਲ ਨਿਭਾਈ ਅਗਵਾਨੂੰ ਭੂਮਿਕਾ ਨੂੰ ਸਦਾ ਯਾਦ ਰੱਖੀ ਜਾਵੇਗਾ। ਯਾਦ ਰਹੇ ਕਿ ਲੋਕ ਘੋਲਾਂ ਦੀ ਅਗਵਾਈ ਕਰਨ ਵਾਲਾ ਸੰਗਰਾਮੀ ਯੋਧਾ ਕੁੱਝ ਸਮਾਂ ਡੀਐਮਸੀ ਦਾਖਲ ਰਹਿਣ ਤੋਂ ਬਾਅਦ ਸਭਨਾਂ ਨੂੰ ਬੇਵਕਤੀ ਵਿਛੋੜਾ ਦੇ ਗਿਆ ਸੀ।ਡਾ ਕੁਲਵੰਤ ਰਾਏ ਭਲੇ ਹੀ ਸਰੀਰਕ ਵਿਛੋੜਾ ਦੇ ਗਏ ਹਨ ਜਿਸ ਦਾ ਪੑੀਵਾਰ ਸਮੇਤ ਜਥੇਬੰਦੀਆਂ ਨੂੰ ਬਹੁਤ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਪਰ ਡਾ ਕੁਲਵੰਤ ਰਾਏ ਪੰਡੋਰੀ ਵੱਲੋਂ ਵੱਖ ਵੱਖ ਜਥੇਬੰਦੀਆਂ ਵਿੱਚ ਨਿਭਾਇਆ ਸ਼ਾਨਾਮੱਤਾ ਸਫ਼ਰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਅੱਜ ਡਾ ਰਣਜੀਤ ਸਿੰਘ ਕਾਹਨੇਕੇ, ਡਾ ਲਾਭ ਸਿੰਘ ਮੰਡੇਰ, ਡਾ ਦਰਸ਼ਨ ਲਾਲ ਢਿੱਲਵਾਂ, ਡਾ ਮੋਹਨ ਲਾਲ, ਡਾ ਬਲਦੇਵ ਸਿੰਘ ਬਿੱਲੂ ਰਾਏਸਰ, ਡਾ ਅਮਰਜੀਤ ਸਿੰਘ ਕਾਲਸਾਂ, ਡਾ ਨਿਰਭੈ ਸਿੰਘ, ਡਾ ਗੁਰਮੀਤ ਸਿੰਘ ਦੀਵਾਨਾ ਅਤੇ ਡਾ ਜਸਵੰਤ ਸਿੰਘ ਛੀਨੀਵੀਲਕਲਾਂ,ਭੈਣ ਅੰਗੁਰੀ ਦੇਵੀ, ਰਾਜੀਵ,ਬਲਵਿੰਦਰ ਆਦਿ ਆਗੂਆਂ ਨੇ ਵੀ ਪੑੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਰ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਡਾ ਕੁਲਵੰਤ ਰਾਏ ਪੰਡੋਰੀ ਦੇ 28 ਜਨਵਰੀ ਨੂੰ ਹੋ ਰਹੇ ਸਰਧਾਂਜਲੀ ਸਮਾਗਮ ਵਿੱਚ ਪੂਰੇ ਜਿਲੇ ਵਿੱਚੋਂ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਆਗੂਆਂ ਨੇ ਡਾ ਕੁਲਵੰਤ ਪੰਡੋਰੀ ਹੁਰਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ 12.30 ਵਜੇ ਤੋਂ 1.30 ਵਜੇ ਤੱਕ ਗੁਰਦਵਾਰਾ ਸਾਹਿਬ ਕਾਲਾ ਮਾਹਿਰ ਬਰਨਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ।