ਯੂਪੀ ਦੀ ਇਸ ਧੀ ਨੇ ਪੰਜਾਬ ਦੀ ਨੂੰਹ ਬਣਕੇ ਸਾਰੇ ਰਾਜਨੀਤਿਕ ਸਮੀਕਰਨ ਬਿਗਾੜ ਦਿੱਤੇ
ਰਾਹੁਲ ਗਾਂਧੀ ਨਾਲ ਵਿਆਹ ਹੋਣ ਬਾਰੇ ਵੀ ਹੋਈ ਸੀ ਚਰਚਾ ਪਰ ਰਾਹੁਲ ਨੂੰ ਦੱਸਿਆ ਸੀ ਭਰਾ ਸਮਾਨ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 26 ਜਨਵਰੀ 2022
ਅੰਗਦ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਅਦਿਤੀ ਸਿੰਘ ਵੀ ਯੂਪੀ ਰਾਏ ਬਰੇਲੀ ਸਦਰ ਤੋਂ ਵਿਧਾਇਕ ਹੈ, ਹਾਲਾਂਕਿ ਉਸਨੇ 2017 ਦੀ ਚੋਣ ਕਾਂਗਰਸ ਦੀ ਟਿਕਟ 'ਤੇ ਜਿੱਤੀ ਸੀ, ਪਰ ਯੋਗੀ ਦੀ ਸਰਕਾਰ ਬਣਨ ਤੋਂ ਬਾਅਦ, ਉਹ ਭਾਜਪਾ ਦੇ ਨੇੜੇ ਹੋ ਗਈ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਅਦਿਤੀ ਸਿੰਘ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਲ ਹੋ ਗਈ। ਭਾਜਪਾ ਨੇ ਉਸ ਨੂੰ ਟਿਕਟ ਵੀ ਦਿੱਤੀ ਹੈ।
ਗੱਲ ਇੱਥੋਂ ਤੱਕ ਹੀ ਸੀਮਤ ਹੁੰਦੀ ਤਾਂ ਵੀ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਸਿਆਸਤ ਵਿੱਚ ਦਲ-ਬਦਲੀ ਹੁੰਦੀ ਰਹਿੰਦੀ ਹੈ। ਪਰ ਅਦਿਤੀ ਸਿੰਘ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਚੋਣ ਲੜਨ ਦੀ ਚੁਣੌਤੀ ਦੇਣ ਨਾਲ ਸਾਰੇ ਸਮੀਕਰਨ ਹੋਰ ਉਲਝ ਗਏ ਹਨ।
ਅਦਿਤੀ ਨੇ ਕਿਹਾ, 'ਰਾਏਬਰੇਲੀ ਹੁਣ ਕਾਂਗਰਸ ਦਾ ਗੜ੍ਹ ਨਹੀਂ ਰਿਹਾ। ਪ੍ਰਿਅੰਕਾ ਇਥੇ ਆ ਕੇ ਚੋਣ ਲੜ ਸਕਦੀ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ਦੇ ਲੋਕਾਂ ਨੂੰ ਹਲਕੇ ਵਿੱਚ ਕਿਉਂ ਲਿਆ। ਰਾਏਬਰੇਲੀ ਅਤੇ ਅਮੇਠੀ ਦੇ ਲੋਕ ਹੋਰ ਥਾਵਾਂ ਦੇ ਲੋਕਾਂ ਨਾਲੋਂ ਵੱਧ ਮਾਫ਼ ਕਰਨ ਵਾਲੇ ਰਹੇ ਹਨ।
ਜਿਸਦੇ ਚਲਦੇ ਕਾਂਗਰਸ ਵਿੱਚ ਅਦਿਤੀ ਸਿੰਘ ਦੇ ਪਤੀ ਅੰਗਦ ਸਿੰਘ ਲਈ ਹਾਲਾਤ ਸੁਖਾਵੇਂ ਨਹੀਂ ਰਹੇ ਹਨ। ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਦੀ ਟਿਕਟ ਰੋਕ ਦਿੱਤੀ ਗਈ ਹੈ। ਹੁਣ ਜੇਕਰ ਭਾਜਪਾ ਪੰਜਾਬ ਵਿਚ ਮਜ਼ਬੂਤ ਸਥਿਤੀ ਵਿਚ ਹੁੰਦੀ ਤਾਂ ਉਹ ਵੀ ਇਕ ਵਾਰ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਸਨ। ਪਰ ਕਾਂਗਰਸ ਉਨ੍ਹਾਂ ਦੇ ਖੇਤਰ ਵਿੱਚ ਮਜ਼ਬੂਤ ਹੈ। ਜੇਕਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਲਈ ਨਵਾਂ ਸਿਆਸੀ ਰਾਹ ਚੁਣਨਾ ਬਹੁਤ ਮੁਸ਼ਕਲ ਹੋ ਜਾਵੇਗਾ।
ਅਦਿਤੀ ਸਿੰਘ ਅਤੇ ਅੰਗਦ ਸੈਣੀ ਨੇ ਦਸੰਬਰ 2018 ਵਿੱਚ ਮੰਗਣੀ ਕੀਤੀ ਸੀ। ਦੋਵਾਂ ਦਾ ਵਿਆਹ ਅਦਿਤੀ ਦੇ ਪਿਤਾ ਅਤੇ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਨੇ ਕਰਵਾਇਆ ਸੀ। ਦੋਵਾਂ ਨੇ ਨਵੰਬਰ 2019 'ਚ ਵਿਆਹ ਕੀਤਾ ਸੀ। ਇਹ ਇਕ ਅਰੇਂਜ ਮੈਰਿਜ ਸੀ। ਅਖਿਲੇਸ਼ ਸਿੰਘ 20 ਅਗਸਤ 2019 ਨੂੰ ਸਵਰਗ ਸਿਧਾਰ ਗਏ । ਆਦਿਤਿ ਨੇ ਹਵਾ ਦਾ ਰੁਖ ਭਾਂਪਿਆ ਅਤੇ 25 ਨਵੰਬਰ 2021 ਭਾਜਪਾ ਦਾ ਪੱਲਾ ਫੜ ਲਿਆ।
ਯਾਦ ਰਹੇ ਇਹ ਅਦਿਤੀ ਸਿੰਘ ਉਹੀ ਹੈ ਜਿਸ ਬਾਰੇ ਇਕ ਬਾਰ ਚਰਚਾ ਹੋਈ ਸੀ ਕਿ ਰਾਹੂਲ ਗਾਂਧੀ ਨਾਲ ਇਸਦਾ ਵਿਆਹ ਹੋਣ ਵਾਲਾ ਹੈ। ਪਰ ਅਦਿਤੀ ਸਿੰਘ ਨੇ ਇਹ ਕਹਿਕੇ ਚਰਚਾ ਨੂੰ ਵਿਰਾਮ ਦਿੱਤਾ ਸੀ ਕਿ ਰਾਹੂਲ ਗਾਂਧੀ ਮੇਰੇ ਲਈ ਭਰਾ ਸਮਾਨ ਹਨ।
ਵਿਧਾਇਕ ਅੰਗਦ ਸਿੰਘ ਦਾ ਵੀ ਸਿਆਸੀ ਪਿਛੋਕੜ ਹੈ। ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਦੇ ਚਾਚਾ ਦਿਲਬਾਗ ਸਿੰਘ 1962 ਵਿੱਚ ਪਹਿਲੀ ਵਾਰ ਨਵਾਂਸ਼ਹਿਰ ਦੇ ਵਿਧਾਇਕ ਚੁਣੇ ਗਏ ਸਨ ਅਤੇ 6 ਬਾਰ ਵਿਧਾਇਕ ਰਹੇ।
1997 ਵਿੱਚ ਦਿਲਬਾਗ ਸਿੰਘ ਦਾ ਪੁੱਤਰ ਚਰਨਜੀਤ ਸਿੰਘ ਵਿਧਾਇਕ ਬਣਿਆ। 2002 ਵਿੱਚ ਇਹ ਸੀਟ ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਦੇ ਹੱਥ ਆਈ। 2012 ਵਿੱਚ ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਇਸ ਸੀਟ ਤੋਂ ਕਾਂਗਰਸ ਦੀ ਵਿਧਾਇਕ ਬਣੀ ਅਤੇ 2017 ਵਿੱਚ ਕਾਂਗਰਸ ਨੇ ਇਸ ਸੀਟ ਤੋਂ ਅੰਗਦ ਸਿੰਘ ਨੂੰ ਟਿਕਟ ਦਿੱਤੀ ਅਤੇ ਉਹ ਵਿਧਾਇਕ ਬਣੇ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅੰਗਦ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਵਾਹਿਦ ਨੂੰ ਹਰਾਇਆ ਸੀ, ਅੰਗਦ ਨੂੰ 38197 ਵੋਟਾਂ ਮਿਲੀਆਂ ਸਨ ਜਦਕਿ ਜਰਨੈਲ ਸਿੰਘ ਨੂੰ 34874 ਵੋਟਾਂ ਮਿਲੀਆਂ ਸਨ। ਅੰਗਦ ਦੇ ਖਿਲਾਫ ਉਨ੍ਹਾਂ ਦੇ ਪਿਤਾ ਦੇ ਚਚੇਰੇ ਭਰਾ ਚਰਨਜੀਤ ਸਿੰਘ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ, ਚਰਨਜੀਤ ਸਿੰਘ ਨੂੰ 32341 ਵੋਟਾਂ ਮਿਲੀਆਂ।
2008 ਵਿੱਚ ਅੰਗਦ ਸਿੰਘ ਨੂੰ ਨਵਾਂਸ਼ਹਿਰ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਹੈ , ਇਸ ਤੋਂ ਇਲਾਵਾ ਉਨ੍ਹਾਂ ਨੇ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਵੀ ਪੜ੍ਹਾਈ ਕੀਤੀ। ਅਦਿਤੀ ਸਿੰਘ ਦਾ ਜਨਮ 15 ਨਵੰਬਰ 1987 ਨੂੰ ਹੋਇਆ ਸੀ ਜਦਕਿ ਅੰਗਦ ਦਾ ਜਨਮ 23 ਅਕਤੂਬਰ 1990 ਨੂੰ ਹੋਇਆ ਸੀ, ਯਾਨੀ ਅੰਗਦ ਅਦਿਤੀ ਤੋਂ 3 ਸਾਲ ਛੋਟੇ ਹਨ।
ਵਿਚਕਾਰ ਇਹ ਵੀ ਸੁਣਨ ਵਿੱਚ ਆਇਆ ਕਿ ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਟਿਕਟ ਲਈ ਕੋਸ਼ਿਸ਼ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਲਈ ਕੋਈ ਸਕਾਰਾਤਮਕ ਸੁਨੇਹਾ ਨਹੀਂ ਮਿਲਿਆ, ਇਸ ਲਈ ਉਨ੍ਹਾਂ ਦਾ ਭੰਬਲਭੂਸੇ ਵਿੱਚ ਪੈਣਾ ਸੁਭਾਵਿਕ ਹੈ। ਅੰਗਦ ਸਿੰਘ ਨੇ ਆਪਣੇ ਕੁਝ ਸ਼ੁਭਚਿੰਤਕਾਂ ਰਾਹੀਂ ਕਾਂਗਰਸ 'ਚ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਸਿੱਧੇ ਪ੍ਰਿਅੰਕਾ ਗਾਂਧੀ ਨਾਲ ਜੁੜਿਆ ਹੋਣ ਕਾਰਨ ਕਾਂਗਰਸ ਦੇ ਅੰਦਰੋਂ ਕੋਈ ਵੀ ਉਨ੍ਹਾਂ ਦਾ ਬਚਾਅ ਕਰਨ ਲਈ ਤਿਆਰ ਨਹੀਂ ਹੈ।
ਵਿਧਾਇਕ ਅੰਗਦ ਸਿੰਘ ਸੈਣੀ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਹੀ ਸਭ ਤੋਂ ਵਧੀਆ ਵਿਕਲਪ ਹੈ। ਮੈਨੂੰ ਪਾਰਟੀ ਵਿੱਚ ਪੂਰਾ ਭਰੋਸਾ ਹੈ।