ਕੋਰੋਨਾ ਨਿਯਮ ਦਾ ਮੰਤਰੀ ਜੀ ਤੇ ਨਹੀਂ ਲਾਗੂ ਹੁੰਦੇ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ,26 ਜਨਵਰੀ 2022- ਭਾਰਤ ਦਾ ਗਣਤੰਤਰ ਦਿਵਸ ਅੱਜ ਪੂਰੇ ਦੇਸ਼ ਦੇ ਨਾਲ ਨਾਲ ਬਰਨਾਲਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਪਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਵਿਸ਼ੇ਼ਸ ਦਿਨ ਤੇ ਕੋਰੋਨਾ ਵਾਇਰਸ ਦਾ ਪਰਛਾਵਾਂ ਭਾਰੀ ਰਿਹਾ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਾਰਨ ਪਹਿਲਾਂ ਵਾਂਗ ਵੱਡੇ ਸਮਾਗਮ ਦੀ ਥਾਂ ਸੀਮਤ ਇਕੱਠ ਕਰਕੇ ਹੀ ਇਹ ਸਮਾਗਮ ਬਰਨਾਲਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਨਾਇਆ ਗਿਆ। ਇਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਲਈ ਹਦਾਇਤਾਂ ਦਿੱਤੀਆਂ ਗਈਆ ਸਨ। ਖਾਸ ਕਰਕੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਲਈ ਮਾਸਕ ਪਾਉਣਾਂ ਜ਼ਰੂਰੀ ਕੀਤਾ ਗਿਆ।
ਪ੍ਰੰਤੂ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਝੰਡਾ ਲਹਿਰਾਉਣਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਉਪਰ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੁੰਦੇ। ਮੰਤਰੀ ਜੀ ਸਾਰੇ ਸਮਾਗਮ ਦੌਰਾਨ ਬਿਨ੍ਹਾਂ ਸਮਾਗਮ ਤੋਂ ਹੀ ਦੇਖੇ ਗਏ। ਭਾਵੇਂ ਸਮਾਗਮ ਦੌਰਾਨ ਸਟੇਜ਼ ਤੋਂ ਵਾਰ ਵਾਰ ਮਾਸਕ ਪਾਊਣ ਲਈ ਅਪੀਲ ਕੀਤੀ ਜਾਂਦੀ ਰਹੀ। ਸਾਰੀ ਅਫ਼ਸਰਸ਼ਾਹੀ ਅਤੇ ਹੋਰ ਪਤਵੰਤਿਆਂ ਦੇ ਮਾਸਕ ਪਹਿਨੇ ਹੋਏ ਸਨ। ਪਰ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਉਹਨਾਂ ਦੀ ਪਤਨੀ ਨੇ ਮਾਸਕ ਨਹੀਂ ਪਾਇਆ। ਸਮਾਗਮ ਵਿੱਚ ਸ਼ਾਮਲ ਮੀਡੀਆ ਕਰਮੀਆਂ ਅਤੇ ਹੋਰ ਲੋਕਾਂ ਵਿੱਚ ਇਹ ਗੱਲ ਵੀ ਸੁਨਣ ਨੂੰ ਪਾਈ ਗਈ ਕਿ ਸ਼ਾਇਦ ਕੋਰੋਨਾ ਵਾਇਰਸ ਮੰਤਰੀ ਜੀ ਜਾਂ ਇਹਨਾਂ ਦੇ ਪਰਿਵਾਰ ਤੋਂ ਡਰਦਾ ਹੋਵੇੇਗਾ। ਜਿਸ ਕਰਕੇ ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ। ਜਿਕਰਯੋਗ ਹੈ ਕਿ ਝੰਡਾ ਲਹਿਰਾਉਣ ਤੋਂ ਲੈ ਕੇ ਸੰਬੋਧਨ ਕਰਨ ਤੱਕ ਮੰਤਰੀ ਵਿਜੈਇੰਦਰ ਸਿੰਗਲਾ ਜੀ ਬਿਨ੍ਹਾਂ ਮਾਸਕ ਤੋਂ ਹੀ ਸਮਾਗਮ ਵਿੱਚ ਹਾਜ਼ਰ ਰਹੇ। ਇਸ ਮੌਕੇ ਸੰਬੋਧਨ ਦੌਰਾਨ ਮੰਤਰੀ ਸਿੰਗਲਾ ਨੇ ਸਮੂਹ ਦੇਸ਼ ਵਾਸੀਆ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੁਨੇਹਾ ਦਿੱਤਾ।