ਸੁਖਬੀਰ ਬਾਦਲ ਦੇ ਪੈਟਰੋਲ ਪੰਪ ਤੋਂ 10 ਲੱਖ ਦੀ ਲੁੱਟ: ਡੱਬਵਾਲੀ ਨੇੜੇ ਵਾਪਰੀ ਵਾਰਦਾਤ; ਮਜ਼ਦੂਰਾਂ ਨੂੰ ਡੰਡੇ ਨਾਲ ਮਾਰ ਕੇ ਨਕਦੀ ਸਮੇਤ ਬੈਗ ਖੋਹ ਲਿਆ
ਦੀਪਕ ਗਰਗ
- ਕਰੀਬ ਤਿੰਨ ਸਾਲ ਪਹਿਲਾਂ ਵੀ ਸੁਖਬੀਰ ਬਾਦਲ ਦੇ ਮੁਕਤਸਰ ਸਥਿਤ ਰਿਲਾਇੰਸ ਪੰਪ ਤੇ ਹੋਈ ਸੀ ਇਸੇ ਤਰਾਂ ਲੁੱਟ ਦੀ ਵਾਰਦਾਤ
ਕੋਟਕਪੂਰਾ, 28 ਜਨਵਰੀ 2022 - ਸਿਰਸਾ ਦੇ ਡੱਬਵਾਲੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਰਿਲਾਇੰਸ ਪੈਟਰੋਲ ਪੰਪ ਡੂਮਵਾਲੀ (ਬਠਿੰਡਾ) ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਕਰੀਬ 10 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੈਟਰੋਲ ਪੰਪ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੈ। ਥਾਣਾ ਸੰਗਤ ਦੀ ਪੁਲੀਸ ਨੇ ਪੰਪ ਦੇ ਡਿਪਟੀ ਮੈਨੇਜਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੁੱਟ ਦੀ ਰਕਮ 9,91,500 ਰੁਪਏ ਦੱਸੀ ਗਈ ਹੈ।
ਅਕਾਲੀ ਆਗੂ ਸੁਖਬੀਰ ਬਾਦਲ ਦਾ ਪੈਟਰੋਲ ਪੰਪ ਡੱਬਵਾਲੀ-ਬਠਿੰਡਾ ਰੋਡ 'ਤੇ ਪਿੰਡ ਡੂਮਵਾਲੀ ਨੇੜੇ ਸਥਿਤ ਹੈ। ਸਵੇਰੇ ਕਰੀਬ 10.30 ਵਜੇ ਸ਼ਿਫਟ ਸੁਪਰਵਾਈਜ਼ਰ ਹਰਸ਼ਪਿੰਦਰ ਵਾਸੀ ਪਿੰਡ ਭੁੱਲਰਵਾਲਾ (ਸ਼੍ਰੀ ਮੁਕਤਸਰ ਸਾਹਿਬ), ਹਾਊਸ ਕੀਪਰ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਪਥਰਾਲਾ (ਬਠਿੰਡਾ) ਡੱਬਵਾਲੀ ਸਥਿਤ ਐਕਸਿਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਮੋਟਰ ਸਾਈਕਲ ’ਤੇ ਗਿਆ ਸੀ।
ਰਾਜੂ ਬਾਈਕ ਚਲਾ ਰਿਹਾ ਸੀ। ਜਦੋਂ ਕਿ ਪਿੱਛੇ ਹਰਸ਼ਪਿੰਦਰ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਬੈਠਾ ਸੀ। ਪੈਟਰੋਲ ਪੰਪ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਖੜ੍ਹੇ ਦੋ ਨੌਜਵਾਨਾਂ ਨੇ ਪੰਪ ਕਰਿੰਦਿਆਂ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਹਸ਼ਪਿੰਦਰ ਨੇ ਸੋਟੀ ਮਹਿਸੂਸ ਕੀਤੀ। ਇਸ ਤੋਂ ਬਾਅਦ ਨੌਜਵਾਨ ਉਸ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸੰਗਤ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਇਹ ਬੈਗ ਲਸਾੜਾ ਨਾਲੇ ਤੋਂ ਬਰਾਮਦ ਕੀਤਾ ਹੈ।
ਪੰਪ ਦੇ ਡਿਪਟੀ ਮੈਨੇਜਰ ਅਮਨਦੀਪ ਨੇ ਦੱਸਿਆ ਕਿ ਮੈਨੇਜਰ ਰਮਨ ਬਿਮਾਰ ਹੈ। ਉਹ ਹੀ ਅਕਸਰ ਡੱਬਵਾਲੀ ਜਾ ਕੇ ਨਕਦੀ ਜਮ੍ਹਾ ਕਰਵਾਉਣ ਜਾਂਦਾ ਸੀ। ਉਹ ਹਰ ਰੋਜ਼ 10.30 ਵਜੇ ਡੱਬਵਾਲੀ ਜਾਂਦਾ ਸੀ। ਪਰ ਉਸਦੇ ਬੀਮਾਰ ਹੋਣ ਕਾਰਨ ਦੋਵਾਂ ਨੂੰ ਨਕਦ ਰਾਸ਼ੀ ਸੌਂਪੀ ਗਈ। 26 ਜਨਵਰੀ ਨੂੰ ਛੁੱਟੀ ਹੋਣ ਕਾਰਨ ਦੋ ਦਿਨ ਦਾ ਕੈਸ਼ ਪੈਂਡਿੰਗ ਸੀ। ਪੁਲੀਸ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ ਸੀ। ਅਮਨਦੀਪ ਅਨੁਸਾਰ ਲੁਟੇਰਿਆਂ ਨੇ ਮਫਲਰ ਨਾਲ ਮੂੰਹ ਛੁਪਾਇਆ ਹੋਇਆ ਸੀ।
ਇਸ ਵਾਰਦਾਤ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਸਰਗਰਮ ਹੈ। ਹਰਿਆਣਾ ਸਰਹੱਦ ਨੇੜੇ ਮਾਲਵਾ ਬਾਈਪਾਸ ਰੋਡ ’ਤੇ ਪੁਲੀਸ ਨੇ ਨਾਕਾਬੰਦੀ ਕਰ ਦਿੱਤੀ ਹੈ। ਲੁਟੇਰੇ ਪੰਪ ਤੋਂ ਦੂਰ ਖੜ੍ਹੇ ਸਨ, ਇਸ ਲਈ ਉਹ ਸੀਸੀਟੀਵੀ ਕੈਮਰੇ ਦੀ ਲਪੇਟ ਵਿੱਚ ਨਹੀਂ ਆਏ। ਅੱਗੇ ਪੁਲੀਸ ਨਾਕਾ ਹੋਣ ਕਾਰਨ ਮੁਲਜ਼ਮ ਲਸਾੜਾ ਡਰੇਨ ਦੀਆਂ ਪਟੜੀਆਂ ਰਾਹੀਂ ਫਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਡਰੇਨ ਦੀ ਪਟੜੀ ਤੋਂ ਹਰਿਆਣਾ ਦੀ ਹੱਦ ਅੰਦਰ ਦਾਖ਼ਲ ਹੋਏ ਸਨ।
ਡੱਬਵਾਲੀ ਦੇ ਡੀਐਸਪੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਲੁਟੇਰੇ ਹਰਿਆਣਾ ਦੇ ਡੱਬਵਾਲੀ ਵਿੱਚ ਦਾਖ਼ਲ ਹੋਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਭਾਲ ਜਾਰੀ ਹੈ।
ਮੀਡਿਆ ਰਿਪੋਰਟਾਂ ਮੁਤਾਬਿਕ ਕਰੀਬ ਤਿੰਨ ਸਾਲ ਪਹਿਲਾਂ ਵੀ ਸ਼੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਸਥਿਤ ਸੁਖਬੀਰ ਬਾਦਲ ਦੇ ਰਿਲਾਇੰਸ ਪੰਪ ਦੇ ਮੈਨੇਜਰ ਗਗਨਦੀਪ ਸਿੰਘ ਅਤੇ ਮੁਲਾਜ਼ਮ ਗੁਰਚਰਨ ਸਿੰਘ ਬਾਅਦ ਦੁਪਹਿਰ 2.45 ਵਜੇ ਸਕੂਟੀ ’ਤੇ 9 ਲੱਖ 90 ਹਜ਼ਾਰ ਰੁਪਏ ਦੀ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਨਿਕਲੇ। ਰਜਬਾਹੇ 'ਤੇ ਨਰਾਇਣਗੜ੍ਹ ਪੈਲੇਸ ਨੇੜੇ ਸਕੂਟੀ ਨੂੰ ਪਿੱਛੇ ਤੋਂ ਆ ਰਹੀ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਹੇਠਾਂ ਡਿੱਗ ਗਿਆ। ਕਾਰ 'ਤੇ ਮੂੰਹ ਬੰਨ੍ਹੇ ਚਾਰ ਹਥਿਆਰਬੰਦ ਵਿਅਕਤੀ ਬਾਹਰ ਆਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਹਥਿਆਰਬੰਦ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਸਕੂਟੀ ਦੀ ਡਿੱਕੀ ਵਿੱਚ ਰੱਖੇ ਪੈਸੇ ਕੱਢ ਲਏ। ਲੋਕਾਂ ਨੇ ਸੋਚਿਆ ਕਿ ਕੋਈ ਹਾਦਸਾ ਹੋ ਗਿਆ ਹੈ। ਜਦੋਂ ਉਥੇ ਲੋਕ ਇਕੱਠੇ ਹੋਣ ਲੱਗੇ ਤਾਂ ਇਕ ਨੌਜਵਾਨ ਨੇ ਰਿਵਾਲਵਰ ਨਾਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਤਿੰਨ ਵਾਰ ਫਾਇਰ ਕੀਤੇ। ਇਨ੍ਹਾਂ ਵਿੱਚੋਂ ਇੱਕ ਪੰਪ ਦੇ ਮੈਨੇਜਰ ਗਗਨਦੀਪ ਦੇ ਪੇਟ ਵਿੱਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਲੁਟੇਰੇ ਕਾਰ ਵਿਚ ਫਰਾਰ ਹੋ ਗਏ।