ਜੈਤੋ ਰਿਜ਼ਰਵ ਸੀਟ ਤੋਂ ਸਿਆਸਤ ਦੇ ਦੋ ਵੱਡੇ ਖਿਡਾਰੀਆਂ ਦੀ ਚੋਣ ਲੜਾਈ ਦਰਮਿਆਨ ਇਕ ਨਵੇਂ ਖਿਡਾਰੀ ਵੱਲੋਂ ਦਿੱਤਾ ਜਾ ਰਿਹਾ ਡਿਜੀਟਲ ਚੈਲੰਜ
- ਕਾਂਗਰਸ ਅਤੇ ਆਪ ਦੀ ਧੜੇਬੰਦੀ ਅਤੇ ਬਗਾਵਤ ਅਕਾਲੀ ਦਲ ਦੇ ਵੱਖ ਵੱਖ ਉਮੀਦਵਾਰਾਂ ਲਈ ਬਣ ਸਕਦੀ ਹੈ ਆਸ ਦੀ ਕਿਰਨ
ਦੀਪਕ ਗਰਗ
ਕੋਟਕਪੂਰਾ 28 ਜਨਵਰੀ 2022 - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿਲਾ ਫਰੀਦਕੋਟ ਦੀ ਜੈਤੋ ਰਾਖਵੀਂ ਸੀਟ 'ਤੇ ਸਿਆਸਤ ਦੇ ਦੋ ਧੂਰਿਆਂ ਵਿਚਾਲੇ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚੋਂ ਇੱਕ ਤਾਂ ਆਪਣੀ ਸਿਆਸੀ ਪਾਰੀ ਦੇ ਆਖ਼ਰੀ ਪੜਾਅ 'ਤੇ ਹੈ, ਜਦਕਿ ਦੂਜੇ ਕੋਲ ਆਪਣੇ ਵਿਰਸੇ 'ਚ ਮਿਲੇ ਪਿਤਾ ਦੇ ਸਿਆਸੀ ਖੇਤਰ 'ਚ ਮੁੜ ਆਪਣੀ ਸਰਦਾਰੀ ਕਾਇਮ ਕਰਨ ਦੀ ਵੱਡੀ ਚੁਣੌਤੀ ਹੈ। ਭਾਵੇਂ ਦੋਵਾਂ ਨੇ ਆਪਣੇ ਆਪ ਨੂੰ ਬਿਹਤਰ ਸਿਆਸਤ ਦੇ ਖਿਡਾਰੀ ਵਜੋਂ ਪੇਸ਼ ਕਰਨਾ ਹੈ ਪਰ ਹੁਣ ਇਹ ਦੋ ਘੱਟ ਬੋਲਣ ਵਾਲੇ ਆਗੂ ਜੈਤੋ ਦੇ ਲੋਕਾਂ ਦਾ ਦਿਲ ਕਿਵੇਂ ਜਿੱਤਦੇ ਹਨ, ਇਹ ਦੇਖਣਾ ਹੋਵੇਗਾ।
ਜੈਤੋ ਵਿਧਾਨ ਸਭਾ ਹਲਕੇ ਤੋਂ ਪਹਿਲੀ ਬਾਰ ਵਿਧਾਨ ਸਭਾ ਚੋਣ ਲੜ ਰਹੀ ਬੀਜੇਪੀ ਗਠਜੋੜ ਵਾਲੇ ਅਕਾਲੀ ਦਲ ਸੰਯੁਕਤ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਦੋਵੇਂ ਹੀ ਫਰੀਦਕੋਟ ਸ਼ਹਿਰ ਦੇ ਹਰਿੰਦਰ ਨਗਰ ਇਲਾਕੇ ਵਿੱਚ ਰਹਿੰਦੇ ਹਨ। ਬੀਬੀ ਪਰਮਜੀਤ ਕੌਰ ਗੁਲਸ਼ਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਦੇ ਨਾਲ ਸਨ ਅਤੇ ਇਸ ਤੋਂ ਪਹਿਲਾਂ ਸੂਬਾ ਸਿੰਘ ਬਾਦਲ ਦੇ ਨਾਲ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕੰਮ ਕਰ ਚੁੱਕੀ ਹੈ।
ਸੂਬਾ ਸਿੰਘ ਬਾਦਲ ਬੀਬੀ ਗੁਲਸ਼ਨ ਦੀ ਕਾਰਜਸ਼ੈਲੀ ਤੋਂ ਜਾਣੂ ਹਨ, ਸਿਆਸਤ ਦਾ ਮਾਹਿਰ ਖਿਡਾਰੀ ਵੀ ਹਨ ਅਤੇ ਗੁਲਸ਼ਨ ਵੀ ਸੁੱਬੇ ਦੀ ਸਿਆਸੀ ਕੁਸ਼ਲਤਾ ਤੋਂ ਵੀ ਵਾਕਿਫ਼ ਹੈ। ਦੋਵੇਂ ਇਕ-ਦੂਜੇ ਦੀ ਕਮਜ਼ੋਰੀ ਅਤੇ ਮਜ਼ਬੂਤ ਪੱਖ ਤੋਂ ਜਾਣੂ ਹਨ, ਇਸ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਇਕ-ਦੂਜੇ ਨੂੰ ਕੱਟ ਕੇ ਕਿਵੇਂ ਅੱਗੇ ਵਧਦੇ ਹਨ।
ਗੁਲਸ਼ਨ ਅਤੇ ਬਾਦਲ ਦੋਵੇਂ ਆਪੋ-ਆਪਣੇ ਪਾਰਟੀਆਂ ਤੋਂ ਗਠਜੋੜ ਦੇ ਉਮੀਦਵਾਰ ਹਨ। ਅਜਿਹੇ 'ਚ ਉਨ੍ਹਾਂ ਦੀ ਆਪਣੀ ਕਾਬਲੀਅਤ ਦੇ ਨਾਲ-ਨਾਲ ਗਠਜੋੜ ਦੇ ਸਹਿਯੋਗੀ ਵੀ ਉਨ੍ਹਾਂ ਦੀ ਜਿੱਤ 'ਚ ਅਹਿਮ ਭੂਮਿਕਾ ਸਾਬਤ ਹੋਣ ਜਾ ਰਹੇ ਹਨ। ਬੀਬੀ.ਗੁਲਸ਼ਨ ਦਾ ਕਮਜ਼ੋਰ ਪੱਖ ਇਹ ਹੈ ਕਿ ਉਹ ਲੰਬੇ ਸਮੇਂ ਤੋਂ ਜੈਤੋ ਹਲਕੇ 'ਚ ਘੱਟ ਸਰਗਰਮ ਰਹੇ ਹਨ, ਜਦਕਿ ਬਾਦਲ 2017 'ਚ ਵੀ ਇੱਥੋਂ ਉਮੀਦਵਾਰ ਰਹੇ ਹਨ।
ਬਾਦਲ ਨੇ ਆਪਣੇ ਪਿਤਾ ਦੀ ਸਰਦਾਰੀ ਕਾਇਮ ਰੱਖਣੀ ਹੈ, ਉਨ੍ਹਾਂ ਦੇ ਪਿਤਾ ਗੁਰਦੇਵ ਬਾਦਲ ਕਈ ਵਾਰ ਜੈਤੋ ਵਿਧਾਨ ਸਭਾ ਸੀਟ ਤੋਂ ਵਿਧਾਨਸਭਾ ਵਿੱਚ ਜੈਤੋ ਇਲਾਕੇ ( ਪੁਰਾਣਾ ਨਾਂਅ ਪੰਜਗਰਾਈਂ ) ਦੀ ਨੁਮਾਇੰਦਗੀ ਕਰ ਚੁੱਕੇ ਹਨ। ਪਿਤਾ ਤੋਂ ਬਾਅਦ ਅਕਾਲੀ ਦਲ ਨੇ 2017 ਵਿੱਚ ਪਹਿਲੀ ਵਾਰ ਬਾਦਲ ਨੂੰ ਮੈਦਾਨ ਵਿੱਚ ਉਤਾਰਿਆ ਅਤੇ ਉਨ੍ਹਾਂ ਨੂੰ ‘ਆਪ’ ਉਮੀਦਵਾਰ ਮਾਸਟਰ ਬਲਦੇਵ ਸਿੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਨਾਲ ਹੀ ਚੋਣ ਨਤੀਜਿਆਂ ਵਿੱਚ ਉਹ ਤੀਜੇ ਨੰਬਰ ‘ਤੇ ਰਹੇ, ਪਰ 2017 ਦੇ ਮੁਕਾਬਲੇ 2022 ਦੀਆਂ ਵਿਧਾਨ ਸਭਾ ਚੋਣਾਂ ਕਈ ਪੱਖਾਂ ਤੋਂ ਅਹਿਮ ਹਨ ਕਿਉਂਕਿ ਇਸ ਵਾਰ ਅਕਾਲੀ ਦਲ 'ਤੇ ਸੱਤਾ ਵਿਰੋਧੀ ਲਹਿਰ ਦਾ ਕੋਈ ਪ੍ਰਭਾਵ ਨਹੀਂ ਹੈ ਅਤੇ ਬਾਦਲ ਪਿਛਲੇ ਪੰਜ ਸਾਲਾਂ ਤੋਂ ਇਸ ਖੇਤਰ ਵਿੱਚ ਸਰਗਰਮ ਰਹਿਣ ਦੇ ਖੁਸ਼ਹਾਲ ਨਤੀਜੇ ਪ੍ਰਾਪਤ ਕਰ ਸਕਦੇ ਹਨ।
ਬੇਸ਼ਕ 2017 ਵਿੱਚ ‘ਆਪ’ ਦੇ ਜਿਹੜੇ ਉਮੀਦਵਾਰ ਜੇਤੂ ਰਹੇ ਸਨ, ਹਾਲਾਂਕਿ ਉਹ ਮੌਜੂਦਾ ਸਮੇਂ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਰ ਆਪ ਨੇ ਇਸ ਹਲਕੇ ਤੋਂ ਇਕ ਮਜਬੂਤ, ਪੜੇ ਲਿਖੇ ਅਤੇ ਸੂਝਵਾਨ ਚਿਹਰੇ ਦੇ ਰੂਪ ਵਿੱਚ ਇੰਜਨੀਅਰ ਅਮੋਲਕ ਸਿੰਘ ਨੂੰ ਚੋਣ ਮੈਦਾਨ ਵਿੱਚ ਭੇਜਿਆ ਹੈ। ਜੋ ਡਿਜੀਟਲ ਪ੍ਰਚਾਰ ਰਾਹੀਂ ਇਨ੍ਹਾਂ ਦੋਨਾਂ ਹੀ ਦਿੱਗਜ ਆਗੂਆਂ ਲਈ ਚੁਣੌਤੀ ਬਣੇ ਹੋਏ ਹਨ। ਹਾਲਾਂਕਿ ਇਨ੍ਹਾਂ ਨੂੰ ਟਿਕਟ ਦਿੱਤੇ ਜਾਣ ਤੇ ਬਾਅਦ ਰੋਸ ਵਜੋਂ ਆਮ ਆਦਮੀ ਪਾਰਟੀ ਐਸਸੀ ਵਿੰਗ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਸਹੋਤਾ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਹੁਣ ਅਵਤਾਰ ਸਿੰਘ ਸਹੋਤਾ ਬੀਜੇਪੀ ਗਠਜੋੜ ਉਮੀਦਵਾਰ ਬੀਬੀ ਗੁਲਸ਼ਨ ਦੀ ਚੁਣਾਵੀ ਬੇੜੀ ਲਈ ਕਿੰਨੇ ਤਾਰਨਹਾਰ ਬਣ ਬਣ ਸਕਦੇ ਹਨ। ਇਹ ਵੇਖਣ ਵਾਲੀ ਗੱਲ ਹੋਵੇਗੀ। ਕਾਂਗਰਸ ਵਲੋਂ ਇਥੋਂ ਸਰਗਰਮ ਅਤੇ ਸਥਾਨਕ ਆਗੂ ਦਰਸ਼ਨ ਸਿੰਘ ਢਿਲਵਾਂ ਨੂੰ ਟਿਕਟ ਦਿੱਤੀ ਗਈ ਹੈ। ਜਿਨ੍ਹਾਂ ਨੂੰ ਲੈਕੇ ਹੋਰ ਦਾਅਵੇਦਾਰਾਂ ਨੇ ਬਗਾਵਤੀ ਸੁਰ ਅਪਣਾ ਲਏ ਹਨ।
ਇਸਦਾ ਫਾਇਦਾ ਹੋਰ ਉਮੀਦਵਾਰਾਂ ਨੂੰ ਮਿਲਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਸੰਯੁਕਤ ਸਮਾਜ ਮੋਰਚਾ ਵਲੋਂ ਇਥੋਂ ਡਾ. ਰਮਨਦੀਪ ਉਮੀਦਵਾਰ ਹਨ। ਜੋ ਕਿਤੇ ਨਾਂ ਕਿਤੇ ਆਪ ਉਮੀਦਵਾਰ ਨੂੰ ਨੁਕਸਾਨ ਦੇ ਰਹੇ ਹਨ।