ਸਿੱਖਿਆ ਵਿਭਾਗ ਆਰਟ ਕਰਾਫਟ ਟੀਚਰਾਂ ਦੀਆਂ ਪੋਸਟਾਂ ਲਈ ਬਣਾਏ ਪੋਰਟਲ ਵਿੱਚ ਸੋਧ ਕਰੇ
ਡਰਾਇਗ ਵੀ ਸ਼ਰੀਰਕ ਸਿੱਖਿਆ ਅਤੇ ਵੋਕੇਸ਼ਨਲ ਸਿੱਖਿਆ ਦੀ ਤਰ੍ਹਾਂ ਪ੍ਰੈਕਟੀਕਲ ਵਿਸ਼ਾ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ 23 ਫਰਵਰੀ 2022-ਪੰਜਾਬ ਸਰਕਾਰ ਵੱਲੋਂ ਜਨਵਰੀ 2022 ਵਿੱਚ ਕੱਢੀਆਂ ਆਰਟ ਕਰਾਫਟ ਟੀਚਰਾਂ ਦੀਆਂ ਅਸਾਮੀਆਂ ਭਰਨ ਲਈ ਵਿਭਾਗ ਵਲੋਂ ਰੱਖੀਆਂ ਯੋਗਤਾਵਾਂ ਕਾਰਣ ਚਾਹਵਾਨ ਉਮੀਦਵਾਰਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਵਿਭਾਗੀ ਅਧਿਕਾਰੀ ਇਸ ਮਸਲੇ ਦਾ ਕੋਈ ਹੱਲ ਕੱਢਣ ਲਈ ਕੋਈ ਗੰਭੀਰਤਾ ਨਹੀਂ ਦਿਖਾ ਰਹੇ।
ਇਸ ਸਬੰਧੀ ਪੰਜਾਬ ਦੇ ਸਿੱਖਿਆ ਸਕੱਤਰ, ਡੀਪੀਆਈ ( ਸੈਸਿ) ਪੰਜਾਬ ਅਤੇ ਭਰਤੀ ਬੋਰਡ ਦੇ ਡਾਇਰੈਕਟਰ ਨੂੰ ਮੇਲ ਕੀਤੇ ਪੱਤਰ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡਦਿਆਂ ਇੱਕ ਉਮੀਦਵਾਰ ਜਸ਼ਨਦੀਪ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਲੰਮੇ ਸਮੇਂ ਤੋਂ ਬਾਦ ਆਰਟ ਕਰਾਫਟ ਟੀਚਰਾਂ ਦੀਆਂ 250 ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ, ਅਤੇ ਉਸਤੋਂ ਬਾਅਦ ਇਨ੍ਹਾਂ ਪੋਸਟਾਂ ਨੂੰ ਭਰਨ ਲਈ ਇੱਕ ਸੋਧ ਪੱਤਰ ਜਾਰੀ ਕਰਕੇ ਉਮੀਦਵਾਰਾਂ ਨੂੰ 10 ਮਾਰਚ 2022 ਤੱਕ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਜਦਕਿ ਇਨ੍ਹਾਂ ਪੋਸਟਾਂ ਲਈ ਵਿਦਿਅਕ ਯੋਗਤਾਵਾਂ ਅਜਿਹੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਕਿ ਕੋਈ ਵੀ ਉਨ੍ਹਾਂ ਯੋਗਤਾਵਾਂ ਅਨੁਸਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਨਹੀਂ ਕਰ ਸਕਦਾ।
ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਾਲ 2018 ਦੇ ਨਿਯਮਾਂ ਅਧੀਨ ਆਰਟ ਕਰਾਫਟ ਟੀਚਰਾਂ ਲਈ ਵਿਦਿਅਕ ਯੋਗਤਾਵਾਂ ਫਾਇਨ ਆਰਟਸ ਵਿਸ਼ੇ ਨਾਲ ਗਰੈਜੂਏਸ਼ਨ ਅਤੇ ਬੀ ਐੱਡ ਜਾਂ ਆਰਟ ਕਰਾਫਟ ਡਿਪਲੋਮਾ ਜਮ੍ਹਾਂ ਗਰੈਜੂਏਸ਼ਨ ਜਮ੍ਹਾਂ ਬੀ ਐੱਡ ਰੱਖੀਆਂ ਹਨ ਅਤੇ ਮੁੜ ਸੋਧ ਪੱਤਰ ਜਾਰੀ ਕਰਕੇ ਇਨ੍ਹਾਂ ਪੋਸਟਾਂ ਲਈ ਪੀਐਸਟੀਈਟੀ ਵੀ ਲਾਜ਼ਮੀ ਕਰ ਦਿੱਤਾ। ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ /ਬਾਰਵੀਂ ਜਮਾਤ ਲਈ ਜਾਰੀ ਸਿਲੇਬਸ ਅਨੁਸਾਰ ਆਰਟ ਕਰਾਫਟ ( ਡਰਾਇਗ ) ਵਿਸ਼ਾ ਪ੍ਰਯੋਗੀ ਵਿਸ਼ਾ ਹੈ ਜਿਸ ਦਾ 80% ਸਿਲੇਬਸ ਪ੍ਰਯੋਗੀ ਤੇ ਸਿਰਫ਼ 20% ਥਿਊਰੀ ਵਾਲਾ ਹੈ । ਉਕਤ ਉਮੀਦਵਾਰ ਨੇ ਦੱਸਿਆ ਕਿ ਵਿਭਾਗ ਦੀਆਂ ਉਕਤ ਸ਼ਰਤਾਂ ਅਨੁਸਾਰ ਇੱਕ ਉਮੀਦਵਾਰ ਜਿਸਨੇ ਬਾਰਵੀਂ ਉਪਰੰਤ ਆਰਟ ਕਰਾਫਟ ਡਿਪਲੋਮਾ ਜਮ੍ਹਾਂ ਬੈਚੂਲਰ ਆਫ ਫਾਈਨ ਆਰਟਸ ਜਮ੍ਹਾਂ ਮਾਸਟਰਜ਼ ਇਨ ਫਾਇਨ ਆਰਟਸ ਕਰ ਰੱਖੀ ਹੈ, ਉਹ ਵੀ ਵਿਭਾਗੀ ਪੋਰਟਲ ਤੇ ਅਪਲਾਈ ਨਹੀਂ ਕਰ ਸਕਦੇ। ਜਦਕਿ ਬੈਚੂਲਰ ਆਫ ਫਾਈਨ ਆਰਟਸ ਕਰਨ ਵਾਲੇ ਵਿਦਿਆਰਥੀਆਂ ਲਈ ਬੀ ਐੱਡ ਤੇ ਪੀਐਸਟੀਈਟੀ ਪਾਸ ਕਰਨਾ ਜਰੂਰੀ ਨਹੀਂ ਪਰੰਤੂ ਪੋਰਟਲ ਵਿੱਚ ਜਾਂ ਵਾਲੀ ਆਪਸ਼ਨ ਦੀ ਥਾਂ ਵਿਦਿਅਕ ਯੋਗਤਾਵਾਂ ਵਾਲੇ ਸਾਰੇ ਕਾਲਮ ਭਰਨੇ ਲਾਜਮੀ ਹੋਣ ਕਾਰਣ ਉਮੀਦਵਾਰਾਂ ਦੇ ਆਨਲਾਈਨ ਫਾਰਮ ਹੀ ਅਪਡੇਟ ਨਹੀਂ ਹੋ ਰਹੇ, ਜਦਕਿ ਇਹ ਪੋਸਟਾਂ ਭਰਨ ਲਈ ਆਖਰੀ ਤਰੀਕ 10 ਮਾਰਚ ਹੈ।
ਅਜਿਹੇ ਉਮੀਦਵਾਰਾਂ ਨੇ ਮੰਗ ਕੀਤੀ ਕਿ ਪੋਰਟਲ ਤੇ ਵਿਦਿਅਕ ਯੋਗਤਾਵਾਂ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਉਹ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਣ।
ਉਨ੍ਹਾਂ ਇਹ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਪੀਟੀਆਈ/ਡੀਪੀਈ ਅਤੇ ਵੋਕੇਸ਼ਨਲ ਸਿੱਖਿਆ ਵਰਗੇ ਪ੍ਰਯੋਗੀ ਵਿਸ਼ਿਆਂ ਲਈ ਬੀ ਐੱਡ ਤੇ ਪੀਐਸਟੀਈਟੀ ਲਾਜ਼ਮੀ ਨਹੀਂ ਹੈ ਤਾਂ ਡਰਾਇਗ ਵਰਗੇ ਪ੍ਰਯੋਗੀ ਵਿਸ਼ੇ ਲਈ ਬੀ ਐੱਡ ਤੇ ਪੀਐਸਟੀਈਟੀ ਨੂੰ ਕਿਉਂ ਜਰੂਰੀ ਕਰਾਰ ਦਿੱਤਾ ਗਿਆ ਹੈ।