ਜਲ ਜੀਵਨ ਮਿਸ਼ਨ ਤਹਿਤ 100 ਫੀਸਦੀ ਘਰੇਲੂ ਟੈਬ ਕੁਨੈਕਸ਼ਨ ਦੇਣ ਵਾਲਾ ਜ਼ਿਲ੍ਹਾ ਬਣਿਆ ਕਪੂਰਥਲਾ
ਦਿਹਾਤੀ ਖੇਤਰਾਂ ਅੰਦਰ 1.11 ਲੱਖ ਘਰਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕੁਨੈਕਸ਼ਨ ਦਿੱਤੇ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 22 ਅਪ੍ਰੈਲ 2022- ਕਪੂਰਥਲਾ ਜ਼ਿਲ੍ਹਾ ਜਲ ਜੀਵਨ ਮਿਸ਼ਨ ਤਹਿਤ 100 ਫੀਸਦੀ ਘਰਾਂ ਨੂੰ ਪੀਣ ਵਾਲਾ ਪਾਣੀ ਲਈ ਐਫ.ਐਚ.ਟੀ.ਸੀ. ਕੁਨੈਕਸ਼ਨ ਦੇਣ ਵਾਲਾ ਜਿਲ੍ਹਾ ਬਣ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਲ੍ਹੇ ਦੇ ਦਿਹਾਤੀ ਖੇਤਰਾਂ ਅੰਦਰ ਲਗਭਗ 1.11 ਲੱਖ ਘਰਾਂ ਨੂੰ ਪੀਣ ਵਾਲੇ ਪਾਣੀ ਲਈ ਟੈਬ ਕੁਨੈਕਸ਼ਨ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਜਲ ਜੀਵਨ ਮਿਸ਼ਨ ਤਹਿਤ 2024 ਤੱਕ ਹਰ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਸੀ, ਜਿਸਨੂੰ ਕਪੂਰਥਲਾ ਜਿਲ੍ਹੇ ਵਿਚ ਪ੍ਰਾਪਤ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਦਿਹਾਤੀ ਖੇਤਰਾਂ ਅੰਦਰ ਸਾਰੀ ਆਬਾਦੀ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਸੀ, ਜਿਸ ਤਹਿਤ ਤਕਨੀਕੀ ਸਹਾਇਤਾ ਨਾਲ ਪਾਣੀ ਦੀ ਗੁਣਵੱਤਾ ’ਤੇ ਵੀ ਨਜ਼ਰ ਰੱਖੀ ਜਾਂਦੀ ਹੈ।
ਇਸ ਤੋਂ ਇਲਾਵਾ ਪਹਿਲਾਂ ਪਾਣੀ ਦੀ ਸਪਲਾਈ ਵਾਲੀਆਂ ਪਾਇਪਾਂ ਦੀ ਮੁਰੰਮਤ, ਸਾਂਭ ਸੰਭਾਲ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਰੋਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਇਸ ਉਪਲਬਧੀ ’ਤੇ ਮੁਬਾਰਕਬਾਦ ਦਿੰਦਿਆਂ ਇਹ ਵੀ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਪਾਣੀ ਦੇ ਕੁਦਰਤੀ ਸ੍ਰੋਤਾਂ ਨੂੰ ਗੰਦਲਾ ਹੋੋਣ ਤੋਂ ਰੋਕਣ ਲਈ ਯਤਨ ਕਰਨ।