ਗੁਰਦਾਸਪੁਰ ਕੇਸ ਦਾ ਸੱਚ ਆਇਆ ਸਾਹਮਣੇ, ਮਿਲੀ ਜ਼ਮਾਨਤ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 26 ਅਪ੍ਰੈਲ 2022- ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਸੱਦੇ ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਨੂੰ ਰੋਸ ਵਜੋਂ ਬੰਦ ਰਹੀਆਂ ਸਨ। ਜਾਣਕਾਰੀ ਦਿੰਦੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਦੁਸ਼ਕਰਮ ਹੋਣ ਦੀ ਘਟਨਾ ਸਾਹਮਣੇ ਆਈ ਸੀ। ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਕ ਬੱਚੀ ਠੀਕ ਠਾਕ ਆਪਣੀ ਕਲਾਸ ਵਿੱਚ ਜਾਂਦੀ ਹੈ ਅਤੇ ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਉਸ ਨੂੰ ਆਪ ਸਕੂਲ ਵਿੱਚੋਂ ਮੋਟਰ ਸਾਇਕਲ ਤੇ ਲੈ ਕੇ ਗਈ। ਬਜ਼ਾਰ ਜਾਣ ਉਪਰੰਤ ਬੱਚੀ ਘਰ ਗਈ ਅਤੇ ਇੱਕ ਹੋਰ ਵੀਡੀਓ ਮੁਤਾਬਕ ਬੱਚੀ ਸ਼ਾਮ ਨੂੰ ਮੁਹੱਲੇ ਵਿੱਚ ਸਹੀ ਘੁੰਮਦੀ ਨਜ਼ਰ ਆ ਰਹੀ ਹੈ। ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਸੀ ਅਤੇ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਮੈਨੇਜਮੈਂਟ ਤੇ ਪਰਚਾ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਪੂਰਾ ਪੰਜਾਬ ਬੰਦ ਰਿਹਾ ਜਿਸ ਤੋਂ ਉਪਰੰਤ ਫੈਡਰੇਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਉੱਚ ਪੁਲਿਸ ਅਧਿਕਾਰੀ ਨਾਲ ਹੋਈ। ਫੈਡਰੇਸ਼ਨ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਨਿਰਦੋਸ਼ ਰਿਹਾਅ ਕੀਤੇ ਜਾਣ। ਡਾ. ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਗੁਰਦਾਸਪੁਰ ਦੀ ਸ਼ੈਸ਼ਨ ਕੋਰਟ ਵੱਲੋਂ ਜਮਾਨਤ ਦੀ ਅਰਜੀ ਦੀ ਸੁਣਵਾਈ ਕਰਦਿਆਂ ਸੰਸਥਾ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਸੈਕਟਰੀ ਨੂੰ ਜਮਾਨਤ ਦੇ ਦਿੱਤੀ ਗਈ ਹੈ।
ਫੈਡਰੇਸ਼ਨ ਦੇ ਆਗੂ ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਨੇ ਦੱਸਿਆ ਕਿ ਕਥਿਤ ਤੌਰ ਤੇ ਸੱਚ ਸਾਹਮਣੇ ਆਇਆ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਲੈਬ ਦੀ ਰਿਪੋਰਟ ਮੁਤਾਬਕ ਸਕੂਲ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੀ ਅਤੇ ਮੈਡੀਕਲ ਰਿਪੋਰਟ ਤੋਂ ਵੀ ਕਈ ਤਰ੍ਹਾਂ ਦੀਆਂ ਅਸ਼ੰਕਾਵਾਂ ਪਾਈਆਂ ਜਾ ਰਹੀਆਂ ਹਨ ਕਿ ਇਹ ਘਟਨਾ ਅਸਲ ਵਿੱਚ ਹੋਈ ਵੀ ਹੈ ਜਾਂ ਨਹੀਂ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ, ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ) ਅਧੀਨ ਸਾਰੀਆਂ ਐਸੋਸੀਏਸ਼ਨਾਂ, ਰਾਸਾ, ਕਾਸਾ, ਈ.ਸੀ.ਐਸ. ਅਤੇ ਪੂਸਾ ਵੱਲੋਂ ਜਮਾਨਤ ਮਿਲਣ ਤੇ ਰਾਹਤ ਮਹਿਸੂਸ ਕਰਨ ਦੇ ਨਾਲ ਨਾਲ ਇਸ ਗੱਲ ਪ੍ਰਤੀ ਗੁੱਸਾ ਵੀ ਹੈ ਕਿ ਨਿਰਦੋਸ਼ ਮੈਨੇਜਮੈਂਟ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਗੁਜ਼ਾਰਨਾ ਪਿਆ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਤਫਤੀਸ਼ ਮੁਕੰਮਲ ਕਰਨ ਉਪਰੰਤ ਹੀ ਕਾਰਵਾਈ ਕਰਨੀ ਚਾਹੀਦੀ ਹੈ। ਸਾਰੀਆਂ ਸੰਸਥਾਵਾਂ ਨੇ ਮੰਗ ਕੀਤੀ ਕਿ ਇਸ ਕੇਸ ਅਸਲ ਦੋਸ਼ੀਆਂ ਨੂੰ ਜਲਦ ਹੀ ਸਾਹਮਣੇ ਲਿਆਂਦਾ ਜਾਵੇ।