ਨਹੀਂ ਰੁਕ ਰਿਹਾ ਕਣਕ ਦੀ ਨਾੜ ਨੂੰ ਅੱਗ ਲਗਾਉਣ ਤੇ ਵਾਤਾਵਰਣ ਪ੍ਰਦੂਸ਼ਤ ਹੋਣ ਦਾ ਕਾਰਨ
ਅੱਗ ਲਾਉਣ ਨਾਲ ਵਾਪਰ ਰਹੇ ਹਾਦਸੇ ਸਰਕਾਰ ਤੇ ਪ੍ਰਸ਼ਾਸਨ ਖਾਮੋਸ਼ ਜਮੀਨ ਦੀ ਉਪਜਾਊ ਸ਼ਕਤੀ ਹੋ ਰਹੀ ਘੱਟ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 5 ਮਈ 2022-ਨੈਸ਼ਨਲ ਗ੍ਰੀਨ ਟਿਊਬਵੈਲ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਤੇ ਕਿਸੇ ਵੀ ਹਾਦਸੇ ਨੂੰ ਰੋਕਣ ਲਈ ਨਾੜ ਜਾਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਦਿੱਤੇ ਗਏ ਸਖਤ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਬਿਲਕੁੱਲ ਫੇਲ ਸਾਬਤ ਹੋ ਰਹੀ ਹੈ। ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਕਿਸਾਨਾਂ ਵੱਲੋਂ ਅੱਗ ਦੇ ਹਵਾਲੇ ਕਰਨ ਦਾ ਸਿਲਸਿਲਾ ਲਗਾਤਾਰ ਬੇਰੋਕ ਟੋਕ ਜਾਰੀ ਹੈ। ਕਣਕ ਦੇ ਨਾੜ ਨੂੰ ਲਗਾਈ ਅੱਗ ਕਾਰਨ ਨੈਸ਼ਨਲ ਹਾਈਵੇ ‘ਤੇ ਲਿੰਕ ਸੜਕਾਂ ‘ਤੇ ਸੜਕੀ ਹਾਦਸੇ ਵਾਪਰਨ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਨੇ ਚੁੱਕੀ ਧਾਰੀ ਹੋਈ ਹੈ। ਅੱਜ ਹੀ ਇੱਕ ਨਵੀਂ ਤਾਜੀ ਘਟਨਾ ‘ਚ ਬਟਾਲਾ ਨਜਦੀਕ ਇੱਕ ਸਕੂਲੀ ਬੱਸ ਨੂੰ ਤੇਜ ਹਵਾ ਨਾਲ ਨਾੜ ਸਨੂੰ ਲੱਗੀ ਅੱਗ ਦੀ ਲਪੇਟ ‘ਚ ਆਉਣ ਤੇ ਬੱਸ ਪਲਟਣ ਨਾਲ ਡਰਾਈਵਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੜੀ ਜੱਦੋ ਜਹਿਦ ਨਾਲ ਸਕੂਲ ‘ਚ ਸਵਾਰ ਬੱਚਿਆ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਦੀ ਜਾਨ ਬਚਾਈ। ਹਾਲਾਂਕਿ ਫਿਰ ਵੀ ਅੱਗ ਨਾਲ ਕੁਝ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਹੈ। ਅੱਗ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਛਾਂਦਾਰ ਰੁੱਖ ਅੱਗ ਵੀ ਅੱਗ ਦੀ ਭੇਂਟ ਚੜ੍ਹ ਰਹੇ ਹਨ। ਕਿਸਾਨਾਂ ਵੱਲੋਂ ਨਾੜ ਨੂੰ ਮਿੱਟੀ ‘ਚ ਮਿਲਾਉਣ ਦੀ ਬਜਾਏ ਅੱਗ ਦੇ ਹਵਾਲੇ ਕਰਨ ਨੂੰ ਜਿਆਦਾ ਤਰਜੀਹ ਦੇਣ ਨਾਲ ਕਿਸਾਨਾਂ ਦੀਆਂ ਮੋਟਰਾਂ ਤੇ ਸੜਕਾਂ ਦੇ ਘਰਾਂ ਦੇ ਆਲੇ-ਦੁਆਲੇ ਲੱਗੇ ਰੁੱਖ ਸਮੇਤ ਫਲਦਾਰ ਬੂਟੇ ਅੱਗ ਦੀ ਭੇਂਟ ਚੜ੍ਹ ਰਹੇ ਹਨ।
ਨਾੜ ਨੂੰ ਅੱਗ ਲਗਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਹੁੰਦੀ ਹੈ ਘੱਟ
ਖੇਤੀਬਾੜੀ ਮਾਹਿਰਾਂ ਤੇ ਵਿਗਿਆਨੀਆਂ ਅਨੁਸਾਰ ਕਣਕ ਜਾਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਮਿੱਤਰ ਕੀੜਿਆਂ ਦਾ ਨਾਸ਼ ਹੋ ਰਿਹਾ ਹੈ। ਰੁੱਖਾਂ ਦੀ ਗਿਣਤੀ ਘਟਣ ਨਾਲ ਆਕਸੀਜਨ ਦੀ ਲਗਾਤਾਰ ਘਾਟ ਆ ਰਹੀ ਹੈ। ਦੇਖਣ ‘ਚ ਆਇਆ ਹੈ ਕਿ ਸੁਲਤਾਨਪੁਰ ਲੋਧੀ ਨੇੜਲੇ ਪਿੰਡਾਂ ‘ਚ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਅੱਗ ਦੇ ਹਵਾਲੇ ਨਾ ਕਰਨ ਬਾਰੇ ਜਾਗਰੂਕ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਅੱਗ ਲਾਉਣ ਨਾਲ ਤਾਪਮਾਨ ਦਾ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਨਾੜ ਨੂੰ ਅੱਗ ਲਗਾਏ ਜਾਣ ਕਾਰਨ ਜਮੀਨ ਦੀ ਸ਼ਕਤੀ ‘ਚ ਘਾਟਾ ਹੋਣ ਕਾਰਨ ਫਸਲਾਂ ਦਾ ਝਾੜ ਲਗਾਤਾਰ ਘੱਟ ਰਿਹਾ ਹੈ।ਜਿਸਦਾ ਕਾਰਨ ਜਾਣਨ ਬਾਰੇ ਕੋਈ ਵੀ ਤਿਆਰ ਨਹੀ। ਵਾਤਾਵਰਣ ਨੂੰ ਖਰਾਬ ਕਰਨ ‘ਚ ਮਨੁੱਖ ਵੱਲੋਂ ਕੋਈ ਕਸਰ ਨਹੀ ਛੱਡੀ ਜਾ ਰਹੀ। ਧਰਤੀ ‘ਤੇ ਜੀਵ ਜੰਤੂਆਂ ਦੀ ਅੱਗ ਨਾਲ ਹੋ ਰਹੀ ਦੁਰਗਤੀ ਤੇ ਸੜਕੀ ਹਾਦਸਿਆਂ ਲਈ ਆਖਰ ਕੌਣ ਜਿੰਮੇਵਾਰ ਹੈ। ਕਣਕ ਦੇ ਨਾੜ ਨੂੰ ਅੱਗ ਲਗਵਾਉਣ ਦੇ ਮਾਮਲੇ ‘ਚ ਸੂਬਾ ਸਰਕਾਰ ਤੇ ਪ੍ਰਸ਼ਾਸਨ ਚੁੱਪ ਬੈਠੇ ਅੱਗ ਦਾ ਤਮਾਸ਼ਾ ਦੇਖ ਰਹੇ ਹਨ।
ਸੈਟੇਲਾਈਟ ਰਾਂਹੀ ਅੱਗ ਲਾਉਣ ਨੂੰ ਰੋਕਣ ਲਈ ਕੀਤੇ ਪ੍ਰਯੋਗ ‘ਤੇ ਨਹੀ ਹੁੰਦੀ ਕਾਰਵਾਈ
ਐਨ.ਜੀ.ਟੀ ਵੱਲੋਂ ਅੱਗ ਨਾ ਲਾਉਣ ਦੇ ਦਿੱਤੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਸੈਟੇਲਾਈਟ ਰਾਂਹੀ ਅੱਗ ਲਾਉਣ ਦੀਆਂ ਘਟਨਾਵਾਂ ਮੌਕੇ ‘ਤੇ ਫੜ ਕੇ ਜੁਰਮਾਨਾ ਕਰਨ ਦੇ ਪ੍ਰਯੋਗ ਵੀ ਫੇਲ ਸਾਬਤ ਹੋਏ ਹਨ। ਵੋਟਾਂ ਤੇ ਰਾਜਨੀਤੀ ਦੇ ਅੱਗੇ ਸਰਕਾਰਾਂ ਵੀ ਬੇਬਸ ਹਨ। ਖੇਤੀਬਾੜੀ ਵਿਭਾਗ ਜਦੋਂ ਵੀ ਅੱਗ ਲਾਉਣ ਦੀ ਘਟਨਾ ‘ਤੇ ਕੋਈ ਕਾਰਵਾਈ ਕਰਨ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸਨ ਨੂੰ ਮੰਤਰੀ, ਵਿਧਾਇਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਜਿਆਦਾ ਸਖਤੀ ਨਹੀ ਨਰਮੀ ਵਰਤੋ।
ਅੱਗ ਲਾਉਣਾ ਸਾਡਾ ਸ਼ੌਂਕ ਨਹੀ ਮਜਬੂਰੀ
ਨਾੜ/ਪਰਾਲੀ ਨੂੰ ਅੱਗ ਲਾਉਣ ਬਾਰੇ ਕਿਸਾਨ ਲਖਵੀਰ ਸਿੰਘ ਲੱਖੀ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਸੁਖਚੈਨ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਉਣਾ ਸ਼ੌਂਕ ਨਹੀ ਸਗੋਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਧਰਤੀ ‘ਚ ਦਬਾਉਣ ਲਈ ਤਿੰਨ ਤੋਂ ਚਾਰ ਹਜਾਰ ਰੁਪਏ ਪ੍ਰਤੀ ਏਕੜ ਦਾ ਡੀਜਲ ਫੂਕਣਾ ਪੈਂਦਾ ਹੈ। ਦਿਨੋ ਦਿਨ ਖੇਤੀ ਦੇ ਸੰਦਾਂ ਤੇ ਮਸ਼ੀਨਰੀ ਦੇ ਖਰਚਿਆਂ ਤੇ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨ ਕਰਜੇ ਹੇਠ ਦੱਬ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਫਸਲ ਲਗਾਉਣ ਸਮੇਂ ਕਣਕ ਦੇ ਨਾੜ ਦੇ ਮੁੱਢ ਜਲਦੇ ਨਹੀ ਜਿਸ ਕਾਰਨ ਝੋਨੇ ਦੀ ਲਵਾਈ ਮੌਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸੂਬਾ ਸਰਕਾਰ ਸੱਚਮੁੱਚ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਸੁਹਿਰਦ ਹੈ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ 5 ਹਜਾਰ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਝੋਨੇ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਪਰਹੇਜ ਕਰਨ।