ਪੰਜਾਬੀਆਂ ਲਈ ਵੱਡੀ ਖ਼ਬਰ: ਚੰਡੀਗੜ੍ਹ ਪੁਲਿਸ ਨੇ ਪੰਜਾਬੀ ਭਾਸ਼ਾ ਨੂੰ ਦਿੱਤਾ ਅਹਿਮ ਰੁਤਬਾ
-ਮੁੱਖ ਦਫ਼ਤਰ 'ਚ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰ ਲਿਖਿਆ
ਕੁਲਜਿੰਦਰ ਸਰਾ
ਚੰਡੀਗੜ੍ਹ, 13 ਮਈ 2022- ਲੰਮੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਅਹਿਮ ਰੁਤਬਾ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ।
ਚੰਡੀਗੜ੍ਹ ਬੇਸ਼ੱਕ ਪੰਜਾਬ ਦੀ ਰਾਜਧਾਨੀ ਹੈ, ਪਰ ਇੱਥੇ ਕਾਨੂੰਨ ਸੈਂਟਰ ਸਰਕਾਰ ਵਾਲੇ ਹੀ ਚੱਲਦੇ ਹਨ।
ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਭਾਸ਼ਾ ਨੂੰ ਅਹਿਮ ਰੁਕਬਾ ਦਿੰਦਿਆਂ ਹੋਇਆ ਮੁੱਖ ਦਫ਼ਤਰ ਵਿੱਚ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰ ਲਿਖਿਆ ਹੈ।
ਵੈਸੇ, ਚੰਡੀਗੜ੍ਹ ਅੰਦਰ ਪੂਰਨ ਰੂਪ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਅਤੇ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਵਾਉਣ ਦੇ ਲਈ ਲੰਮੇ ਸਮੇਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੰਘਰਸ਼ ਕਰ ਚੁੱਕੇ ਹਨ।
ਪਰ ਇਨ੍ਹਾਂ ਸਾਰਿਆਂ ਦੇ ਸੰਘਰਸ਼ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਲਾਗੂ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਜਿਸ ਦੀ ਸ਼ੁਰੂਆਤ ਚੰਡੀਗੜ੍ਹ ਪੁਲਿਸ ਦੇ ਮੁੱਖ ਦਫ਼ਤਰ ਤੋਂ ਹੋ ਚੁੱਕੀ ਹੈ।
ਦੱਸ ਦਈਏ ਕਿ, ਪੰਡਿਤ ਰਾਓ ਧਰੇਨਵਰ ਵੀ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਪੂਰੇ ਪੰਜਾਬ ਸਮੇਤ ਚੰਡੀਗੜ੍ਹ ਵਿੱਚ ਲਾਗੂ ਕਰਵਾਉਣ ਦੇ ਲਈ ਵੀ ਲੜਾਈ ਲੜਦੇ ਆ ਰਹੇ ਹਨ।